ਜੇਐੱਨਐੱਨ, ਚੰਡੀਗੜ੍ਹ : ਬਰਗਾੜੀ ਬੇਅਦਬੀ ਮਾਮਲੇ 'ਚ ਡੇਰਾ ਸੱਚਾ ਸੌਦਾ ਸਿਰਸਾ ਨੇ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ। ਡੇਰੇ ਦੀ ਪੰਜਾਬ ਕਮੇਟੀ ਵੱਲੋਂ ਕੀਤੀ ਗਈ ਕਾਨਫਰੰਸ 'ਚ ਹਰਚਰਨ ਸਿੰਘ ਨੇ ਕਿਹਾ ਕਿ ਅਸੀਂ ਲੋਕ ਬੇਅਦਬੀ ਕਰਨਾ ਤਾਂ ਦੂਰ, ਇਸ ਬਾਰੇ ਸੋਚ ਵੀ ਨਹੀਂ ਸਕਦੇ। ਕੋਰੋਨਾ ਮਹਾਮਾਰੀ 'ਚ ਡੇਰਾ ਖ਼ੂਨਦਾਨ ਤੇ ਬਾਕੀ ਸਮਾਜ ਸੇਵਾ 'ਚ ਲੱਗਾ ਹੋਇਆ ਹੈ।

ਹਰਚਰਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਣ ਦੇਣ ਕਾਰਨ ਡੇਰੇ ਦੇ ਲੋਕਾਂ ਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਜਿਹੜੇ ਲੋਕ ਫੜੇ ਹਨ, ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ।

ਡੇਰੇ ਵੱਲੋਂ ਵਕੀਲ ਵਿਵੇਕ ਕੁਮਾਰ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਨੇ ਪੰਜਾਬ ਪੁਲਿਸ ਵੱਲੋਂ ਠਹਿਰਾਏ ਗਏ ਮੁਲਜ਼ਮਾਂ 'ਚੋਂ ਤਿੰਨ ਨੂੰ ਆਪਣੀ ਕਲੋਜ਼ਰ ਰਿਪੋਰਟ 'ਚ ਕਲੀਨ ਚਿੱਟ ਦੇ ਦਿੱਤੀ ਸੀ। ਵਿਵੇਕ ਕੁਮਾਰ ਨੇ ਕਿਹਾ ਕਿ ਕਲੋਜ਼ਰ ਰਿਪੋਰਟ 'ਤੇ ਫਿਲਹਾਲ ਮੋਹਾਲੀ ਸੀਬੀਆਈ ਅਦਾਲਤ ਦਾ ਫ਼ੈਸਲਾ ਲੰਬਿਤ ਹੈ। ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਮੁਲਜ਼ਮਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਕੇ ਫ਼ਰੀਦਕੋਟ ਅਦਾਲਤ 'ਚ ਪੇਸ਼ ਕਰ ਦਿੱਤਾ ਜਦਕਿ ਇਨ੍ਹਾਂ ਵਿਚੋਂ ਦੋ ਮੁਲਜ਼ਮਾਂ ਨੂੰ ਪਹਿਲਾਂ ਤੋਂ ਹੀ ਅਦਾਲਤ ਤੋਂ ਜ਼ਮਾਨਤ ਮਿਲੀ ਹੋਈ ਸੀ। ਉਨ੍ਹਾਂ 4 ਤਾਰੀਕ ਨੂੰ ਗ੍ਰਿਫ਼ਤਾਰੀਆਂ ਕਰਨ ਤੋਂ ਬਾਅਦ ਸਿਰਫ਼ 2 ਦਿਨਾਂ 'ਚ ਚਲਾਨ ਪੇਸ਼ ਕੀਤੇ ਜਾਣ ਦੀ ਜਲਦਬਾਜ਼ੀ 'ਤੇ ਵੀ ਸਵਾਲ ਉਠਾਇਆ।

Posted By: Seema Anand