ਕੈਲਾਸ਼ ਨਾਥ, ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੰਬਿਕਾ ਸੋਨੀ ਦਾ ਨਾਂ ਲਏ ਬਗੈਰ ਜਾਖੜ ਨੇ ਕਿਹਾ ਕਿ ਜਾਤੀ ’ਚ ਵੰਡਣ ਵਾਲਿਆਂ ਨੇ ਪੰਜਾਬ ਨੂੰ ਬਦਨਾਮ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

ਜਾਖੜ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਧਰਮਨਿਰਪੱਖਤਾ ਦੀ ਹੈ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਇਆ ਉਦੋਂ ਉਹ ਲੋਕ ਕਿਉਂ ਨਹੀਂ ਬੋਲੇ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ, ਉਦੋਂ ਉਹ ਸਵਾਲ ਨਹੀਂ ਉੱਠੇ ਸਨ।

ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ। ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਤੇ ਨਿਗਰਾਨ ਅਜੈ ਮਾਕਨ ਅਤੇ ਹਰੀਸ਼ ਚੌਧਰੀ ਨੇ ਕਾਂਗਰਸ ਦੇ ਵਿਧਾਇਕਾਂ ਤੋਂ ਜੋ ਫੀਡਬੈਕ ਲਿਆ, ਉਸ ’ਚ 40 ਵਿਧਾਇਕਾਂ ਨੇ ਜਾਖੜ ਦੇ ਹੱਕ ’ਚ ਹਾਮੀ ਭਰੀ, ਪਰ ਅੰਬਿਕਾ ਸੋਨੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਪੰਜਾਬ ’ਚ ਸਿੱਖ ਨੂੰ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਅੰਬਿਕਾ ਸੋਨੀ ਦੇ ਦਖਲ ਅਤੇ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਾਅਦ ਹੀ ਜਾਖੜ ਦਾ ਪੱਤਾ ਕੱਟ ਗਿਆ ਸੀ, ਕਿਉਂਕਿ ਅਬਿੰਕਾ ਸੋਨੀ ਗਾਂਧੀ ਪਰਿਵਾਰ ਦੀ ਸਭ ਤੋਂ ਨਜ਼ਦੀਕੀ ਆਗੂਆਂ ’ਚੋਂ ਮੰਨੀ ਜਾਂਦੀ ਹੈ। ਅੰਬਿਕਾ ਸੋਨੀ ਦੇ ਦਖ਼ਲ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਵਾਂਝੇ ਰਹੇ ਜਾਖੜ ਨੇ ਕਿਹਾ, ਪੰਜਾਬ ਦੀ ਧਰਤੀ ਅਤੇ ਕਾਂਗਰਸ ਦੇ ਆਗੂਆਂ ਵੱਲੋਂ ਇਸ ਤਰ੍ਹਾਂ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ। ਜੇਕਰ ਆਰਐੱਸਐੱਸ ਵਾਲੇ ਇਹ ਗੱਲ ਕਹਿਣ ਤਾਂ ਸਮਝ ’ਚ ਆਉਂਦਾ ਹੈ, ਪਰ ਪੰਜਾਬ ਕਾਂਗਰਸ ਦੇ ਨੇਤਾ ਹੀ ਇਸ ਤਰ੍ਹਾਂ ਦੀ ਗੱਲ ਕਰਨ ਤਾਂ ਇਸ ਨਾਲ ਪੰਜਾਬ ਬਦਨਾਮ ਹੁੰਦਾ ਹੈ, ਕਿਉਂਕਿ ਗੁਰੂ ਤੇਗ ਬਹਾਦੁਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ।

ਜਾਖੜ ਨੇ ਕਿਹਾ ਕਿ ਪੰਜਾਬ ਦਾ ਧਰਮਨਿਰਪੱਖਤਾ ਨਾਲ ਬਹੁਤ ਪੁਰਾਣਾ ਤੇ ਗੂੜ੍ਹਾ ਰਿਸ਼ਤਾ ਹੈ। ਜਾਖੜ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਮੁੱਖ ਮੰਤਰੀ ਸਿੱਖ ਹੈ ਜਾਂ ਹਿੰਦੂ ਇਹ ਸੈਕੰਡਰੀ ਹੈ’ ਦੀ ਕਟਿੰਗ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦੂਰਅੰਦੇਸ਼ੀ ਸ਼ਬਦ ਇਸ ਤੋਂ ਬਿਹਤਰ ਸਮਝ ’ਤੇ ਨਹੀਂ ਆ ਸਕਦੇ ਸਨ, ਜਦੋਂ ਛੋਟੇ ਦਿਮਾਗ ਵਾਲੇ ਛੋਟੇ ਲੋਕ ਉੱਚੇ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਜਾਤ ਦੇ ਆਧਾਰ ’ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਦੀ ਦੌੜ ’ਚੋਂ ਹਟਣ ਤੋਂ ਬਾਅਦ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਸੁਨੀਲ ਜਾਖੜ ਨੂੰ ਡਿਪਟੀ ਸੀਐੱਮ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੀ ਜਾਖੜ ਨੂੰ ਫੋਨ ਕਰ ਕੇ ਡਿਪਟੀ ਸੀਐੱਮ ਦੀ ਭੂਮਿਕਾ ’ਚ ਆਉਣ ਦਾ ਆਫ਼ਰ ਦਿੱਤਾ ਸੀ, ਇਸ ਪ੍ਰਸਤਾਵ ਨੂੰ ਵੀ ਉਨ੍ਹਾਂ ਨੇ ਠੁਕਰਾ ਦਿੱਤਾ।

Posted By: Jagjit Singh