ਪੱਤਰ ਪ੍ਰੇਰਕ, ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਐੱਫਟੀਆਈਆਈ (ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ) ਪੂਨੇ ਵਿਖੇ ਦਲਿਤ ਵਿਦਿਆਰਥੀ ਨੂੰ ਹਾਜ਼ਰੀ ਘੱਟ ਹੋਣ ਕਾਰਨ ਇੰਸਟੀਚਿਊਟ ’ਚੋਂ ਬਾਹਰ ਕੱਢਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕਰਦੀ ਹੈ ਕਿ ਵਿਦਿਆਰਥੀ ਨਾਲ ਜਾਤੀ ਵਿਤਕਰਾ ਛੱਡ ਕੇ ਤੁਰੰਤ ਬਹਾਲ ਕੀਤਾ ਜਾਵੇ।

ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪਹਿਲਾਂ ਪੰਜ ਵਿਦਿਆਰਥੀਆਂ ਨੂੰ ਇੰਸਟੀਚਿਊਟ ’ਚ ਘੱਟ ਹਾਜ਼ਰੀਆਂ ਹੋਣ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ, ਚਾਰ ਵਿਦਿਆਰਥੀਆਂ ਨੂੰ ਤਾਂ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ, ਪਰ ਦਲਿਤ ਵਿਦਿਆਰਥੀ ਨੂੰ ਜਾਤ-ਪਾਤ ਕਾਰਨ ਬਹਾਲ ਨਹੀਂ ਕੀਤਾ ਜਦਕਿ ਉਸਨੇ ਵੀ ਬਾਕੀ ਵਿਦਿਆਰਥੀਆਂ ਵਾਂਗ ਆਪਣੀਆਂ ਘੱਟ ਹਾਜ਼ਰੀਆਂ ਦੇ ਕਾਰਨ ਨੂੰ ਠੋਸ ਰੂਪ ’ਚ ਰੱਖਿਆ ਸੀ। ਉਸਨੇ ਆਪਣੇ ਬੀੋਮਾਰ ਹੋਣ ਦਾ ਮੈਡੀਕਲ ਸਰਟੀਫਿਕੇਟ ਵੀ ਦਿੱਤਾ, ਪਰ ਜਾਤੀ ਹੰਕਾਰ ਨਾਲ ਭਰੇ ਪ੍ਰਸ਼ਾਸਨ ਵੱਲੋਂ ਉਸਨੂੰ ਬਹਾਲ ਨਹੀਂ ਕੀਤਾ ਗਿਆ।ਜਿਸ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਪਹਿਲਾਂ ਸ਼ਾਂਤਮਈ ਮਹੀਨਾ ਭਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਇਨਸਾਫ਼ ਲਈ ਮਰਨ ਵਰਤ ’ਤੇ ਬੈਠੇ ਹਨ। ਯੂਨੀਅਨ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਦਲਿਤ ਵਿਦਿਆਰਥੀ ਨੂੰ ਤੁਰੰਤ ਬਹਾਲ ਕੀਤਾ ਜਾਵੇ।।

Posted By: Sandip Kaur