* ਮਿ੍ਤਕ ਦੇ ਸਿਰ ਦੇ ਹੋਏ ਦੋ ਹਿੱਸੇ

* ਛੋਟੀ ਭੈਣ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਕਰਦਾ ਸੀ 17 ਘੰਟੇ ਕੰਮ

* ਰਾਤ ਡੇਢ ਵਜੇ ਜਾ ਰਿਹਾ ਸੀ ਆਰਡਰ ਦੇਣ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਪਣੀ ਛੋਟੀ ਭੈਣ ਦੀ ਵਿਦੇਸ਼ ਜਾਣ ਦੀ ਇੱਛਾ ਪੂਰੀ ਕਰਨ ਲਈ ਰੋਜ਼ਾਨਾ 17 ਘੰਟੇ ਡਿਲੀਵਰੀ ਬੁਵਾਏ ਦਾ ਕੰਮ ਕਰਨ ਵਾਲੇ 24 ਸਾਲਾ ਭਰਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮਿ੍ਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ। ਜੋ ਕਿ ਮੂਲ ਰੂਪ 'ਚ ਚਮਕੌਰ ਸਾਹਿਬ ਦਾ ਵਾਸੀ ਸੀ, ਪਰ ਕੁਝ ਸਮੇਂ ਤੋਂ ਫੇਜ਼-9 'ਚ ਕਿਰਾਏ 'ਤੇ ਰਹਿ ਰਿਹਾ ਸੀ। ਹਾਦਸਾ ਸੋਮਵਾਰ ਰਾਤ ਡੇਢ ਵਜੇ ਹੋਇਆ ਜਦੋਂ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਦੇ ਗੇਟ ਨੰਬਰ-1 ਤੋਂ ਬਾਹਰ ਨਿਕਲ ਰਹੀ ਪਜੇਰੋ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਹਰਜੀਤ ਦੇ ਸਿਰ ਦੇ ਦੋ ਹਿੱਸੇ ਹੋ ਗਏ, ਜਿਸ ਨੂੰ ਉਸਦੇ ਪਿੱਛੇ ਆ ਰਹੇ ਦੋਸਤਾਂ ਸੰਨੀ ਤੇ ਬਿਸ਼ਨ ਕੁਮਾਰ ਨੇ ਪਜੇਰੋ ਗੱਡੀ ਰਾਹੀਂ ਜੀਐੱਮਸੀਐੱਚ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਦੂਜੇ ਪਾਸੇ ਫੇਜ਼-8 ਥਾਣਾ ਪੁਲਿਸ ਨੇ ਇਸ ਮਾਮਲੇ 'ਚ ਪਜੇਰੋ ਮਾਲਕ ਪਵਨਦੀਪ ਸਿੰਘ ਵਾਸੀ ਫੇਜ਼-10 ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗਿ੍ਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨਦੀਪ ਸਿੰਘ ਨੇ ਪੀਸੀਏ ਸਟੇਡੀਅਮ ਦੀ ਮੈਂਬਰਸ਼ਿਪ ਲੈ ਰੱਖੀ ਹੈ।

ਹਰਜੀਤ ਸਿੰਘ ਫੇਜ਼- 9 ਟਾਈਮ ਫੋਗ ਕਿਚਨ 'ਚ ਜ਼ੋਮੈਟੋ ਡਿਲੀਵਰੀ ਬੁਵਾਏ ਦਾ ਕੰਮ ਕਰ ਰਿਹਾ ਸੀ। ਟਾਈਮ ਫੋਗ ਕਿਚਨ ਦੇ ਮਾਲਕ ਯੂਵੀ ਨੇ ਦੱਸਿਆ ਕਿ ਰਾਤ 1 ਵਜੇ ਆਨਲਾਈਨ ਆਰਡਰ ਆਇਆ ਅਤੇ ਸਵਾ ਇਕ ਵਜੇ ਹਰਜੀਤ ਫੇਜ਼-11 ਦੇ ਮਕਾਨ ਨੰਬਰ-2349 'ਚ ਆਰਡਰ ਦੇਣ ਜਾ ਰਿਹਾ ਸੀ। ਜਦੋਂ ਉਹ ਪੀਸੀਏ ਸਟੇਡੀਅਮ ਕੋਲ ਪੁੱਜਾ ਤਾਂ 1 ਨੰਬਰ ਗੇਟ ਤੋਂ ਨਿਕਲ ਰਹੀ ਪਜੇਰੋ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਰਜੀਤ ਦਾ ਸਿਰ ਡਰਾਈਵਰ ਸਾਈਡ ਵਾਲੀ ਖਿੜਕੀ 'ਤੇ ਜਾ ਲੱਗਿਆ, ਜਿਸ ਕਾਰਨ ਖਿੜਕੀ ਦਾ ਸ਼ੀਸ਼ਾ ਤਕ ਟੁੱਟ ਗਿਆ ਅਤੇ ਖਿੜਕੀ ਵੀ ਪਿਚਕਾਈ ਗਈ। ਹਰਜੀਤ ਪਿੱਛੇ ਉਸ ਦੇ ਰੂਮ ਮੇਟ ਤੇ ਜ਼ੋਮੈਟੋ 'ਚ ਨਾਲ ਕੰਮ ਕਰਨ ਵਾਲੇ ਉਸਦੇ ਸਾਥੀ ਸੰਨੀ ਤੇ ਬਿਸ਼ਨ ਆ ਰਹੇ ਸਨ ਉਨ੍ਹਾਂ ਤੁਰੰਤ ਹਰਜੀਤ ਨੂੰ ਚੁੱਕਿਆ। ਸੰਨੀ ਅਨੁਸਾਰ ਹਰਜੀਤ ਦੇ ਸਿਰ ਦੇ ਦੋ ਹਿੱਸੇ ਹੋ ਗਏ ਸਨ ਉਹ ਉਸ ਨੂੰ ਤੁਰੰਤ ਜੀਐੱਮਸੀਐੱਚ-32 ਲੈ ਗਏ ਜਿੱਥੇ ਉਸਦੀ ਮੌਤ ਹੋ ਗਈ।

ਹਰਜੀਤ ਦੀ ਛੋਟੀ ਭੈਣ ਗੁਰਪ੍ਰਰੀਤ ਕੌਰ (20) ਆਇਲੈਟਸ ਕਰ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ 12ਵੀਂ ਦੇ ਬਾਅਦ ਕੈਨੇਡਾ 'ਚ ਜਾ ਕੇ ਪੜ੍ਹਾਈ ਕਰੇ। ਆਪਣੀ ਛੋਟੀ ਭੈਣ ਦਾ ਸੁਪਨਾ ਪੂਰਾ ਕਰਨ ਲਈ ਹਰਜੀਤ 17 ਘੰਟੇ ਕੰਮ ਕਰ ਰਿਹਾ ਸੀ ਤਾਂਕਿ ਪੈਸੇ ਬਚਾ ਕੇ ਉਹ ਆਪਣੀ ਭੈਣ ਨੂੰ ਵਿਦੇਸ਼ ਭੇਜ ਸਕੇ। ਹਰਜੀਤ ਮੋਹਾਲੀ 'ਚ ਇਸ ਲਈ ਕਿਰਾਏ 'ਤੇ ਰਹਿੰਦਾ ਸੀ ਤਾਂਕਿ ਉਹ ਚਮਕੌਰ ਸਾਹਿਬ ਤੋਂ ਰੋਜ਼-ਰੋਜ਼ ਮੋਹਾਲੀ ਨਹੀਂ ਆ ਸਕਦਾ ਸੀ।

ਮਿ੍ਤਕ ਹਰਜੀਤ ਦੇ ਦੋਸਤ ਸੰਨੀ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਹਸਪਤਾਲ ਲੈ ਗਏ ਤਾਂ ਉੱਥੇ ਡਾਕਟਰਾਂ ਨੇ ਪਜੇਰੋ ਮਾਲਕ ਪਵਨਦੀਪ ਸਿੰਘ ਨੂੰ ਕਾਗਜ਼ਾਤ 'ਤੇ ਸਾਈਨ ਕਰਨ ਲਈ ਕਿਹਾ। ਪਰ ਪਵਨਦੀਪ ਸਿੰਘ ਨੇ ਕਾਗਜਾਂ 'ਤੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ। ਉਥੇ ਹੀ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਸਾਈਨ ਨਹੀਂ ਹੋਣਗੇ ਤਾਂ ਇਲਾਜ ਸ਼ੁਰੂ ਨਹੀਂ ਹੋਵੇਗਾ। ਕਰੀਬ 1 ਘੰਟੇ ਤਕ ਇਸ ਗੱਲ ਨੂੰ ਲੈ ਕੇ ਪਵਨਦੀਪ ਤੇ ਉਨ੍ਹਾਂ ਦੀ ਬਹਿਸ ਹੁੰਦੀ ਰਹੀ ਪਰ ਜਦੋਂ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਤੱਦ ਤਕ ਹਰਜੀਤ ਦੀ ਮੌਤ ਹੋ ਚੁੱਕੀ ਸੀ।