ਸਟੇਟ ਬਿਊਰੋ, ਚੰਡੀਗੜ੍ਹ : ਪੰਜ ਸੂਬਿਆਂ ਦੇ ਚੋਣ ਨਤੀਜਿਆਂ 'ਚ ਕਾਂਗਰਸ ਲਈ ਕੋਈ ਵੀ ਚੰਗੀ ਖ਼ਬਰ ਨਹੀਂ ਹੈ। ਪੰਜਾਬ ਪੂਰੇ ਦੇਸ਼ 'ਚ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੋ ਤਿਹਾਈ ਸੀਟਾਂ ਨਾਲ ਸਰਕਾਰ 'ਚ ਡਟੀ ਹੋਈ ਹੈ। ਰਾਜਨੀਤਿਕ ਜਾਣਕਾਰਾਂ ਮੁਤਾਬਕ ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ 'ਚ ਵਜ਼ਨ ਅਤੇ ਕੱਦ ਦੋਵੇਂ ਬਰਕਰਾਰ ਰਹਿਣਗੇ ਅਤੇ 2022 ਦੀਆਂ ਵਿਧਾਨਸਭਾ ਚੋਣਾਂ 'ਚ ਟਿਕਟਾਂ ਦੀ ਵੰਡ ਤੋਂ ਲੈ ਕੇ ਪੰਜਾਬ ਕਾਂਗਰਸ ਨਾਲ ਜੁੜੇ ਹੋਰ ਮਾਮਲਿਆਂ ਸਬੰਧੀ ਹਾਈਕਮਾਨ ਕੈਪਟਨ 'ਤੇ ਹਾਵੀ ਨਹੀਂ ਹੋ ਸਕੇਗੀ। ਇਸ ਦੇ ਨਾਲ ਹੀ ਬੇਅਦਬੀ ਕਾਂਡ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ 'ਬਗ਼ਾਵਤ' ਦਾ ਝੰਡਾ ਬੁਲੰਦ ਕਰ ਰਹੇ ਨਵਜੋਤ ਸਿੰਘ ਸਿੱਧੂ ਲਈ ਆਉਣ ਵਾਲੇ ਸਮੇਂ 'ਚ ਪਰੇਸ਼ਾਨੀ ਵੱਧ ਸਕਦੀ ਹੈ।ਪੰਜਾਬ 'ਚ ਕੈਪਟਨ ਦੇ ਮੁਕਾਬਲੇ ਅਜਿਹਾ ਕੋਈ ਦੂਸਰਾ ਨੇਤਾ ਵੀ ਪਾਰਟੀ ਕੋਲ ਨਹੀਂ ਹੈ ਕਿ ਕਾਂਗਰਸ ਕੈਪਟਨ ਖ਼ਿਲਾਫ਼ ਜਾ ਕੇ ਕੋਈ ਫ਼ੈਸਲਾ ਕਰ ਸਕੇ। ਅਜਿਹੇ 'ਚ ਸਿੱਧੂ ਲਈ ਕਾਂਗਰਸ ਦਾ ਸਫ਼ਰ ਹੋਰ ਵੀ ਸੰਕਟ ਵਾਲਾ ਹੋ ਸਕਦਾ ਹੈ, ਕਿਉਂਕਿ ਸਿੱਧੂ ਨੂੰ ਪਾਰਟੀ ਦੀ ਮੁੱਖ ਸਕੱਤਰ ਪਿ੍ਰਅੰਕਾ ਵਡੇਰਾ ਅਤੇ ਰਾਹੁਲ ਗਾਂਧੀ ਦਾ ਸਮਰਥਨ ਰਿਹਾ ਹੈ, ਸਿੱਧੂ ਪਿਛਲੇ ਇਕ ਮਹੀਨੇ ਤੋਂ ਕੈਪਟਨ ਅਮਰਿੰਦਰ ਸਿੰਘ ਖਾਸੇ ਹਮਲਾਵਰ ਰਹੇ ਹਨ। ਇਸ ਤੋਂ ਬਾਅਦ ਕੈਪਟਨ ਤੇ ਸਿੱਧੂ ਵਿਚਾਲੇ ਖਿੱਚੋਤਾਣ ਹੋਰ ਵੱਧ ਗਈ ਹੈ। ਕੈਪਟਨ, ਸਿੱਧੂ ਨੂੰ ਸਿੱਧੇ-ਸਿੱਧੇ ਪਟਿਆਲਾ ਤੋਂ ਉਨ੍ਹਾਂ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਵੀ ਦੇ ਚੁੱਕੇ ਹਨ।

ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪੰਜ ਸੂਬਿਆਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਜੇ ਇਨ੍ਹਾਂ ਚੋਣਾਂ 'ਚ ਕਾਂਗਰਸ ਦਾ ਗ੍ਰਾਫ ਵਧਦਾ ਤਾਂ ਪੱਕੇ ਤੌਰ 'ਤੇ ਪੰਜਾਬ 'ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਸੀ। ਕਿਉਂਕਿ ਪਾਰਟੀ ਹਾਈਕਮਾਨ ਲੰਬੇ ਸਮੇਂ ਤੋਂ ਸਿੱਧੂ ਨੂੰ ਪੰਜਾਬ ਦੀ ਕਮਾਨ ਦੇਣ ਦੇ ਹੱਕ 'ਚ ਸੀ, ਇਸ ਲਈ ਹਾਈਕਮਾਨ ਨੇ ਬਕਾਇਦਾ ਸੂਬਾਈ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਗਾਈ ਸੀ।

ਹਾਲਾਂਕਿ ਕੈਪਟਨ ਇਸ ਹੱਕ 'ਚ ਨਹੀਂ ਹਨ ਕਿ ਸਿੱਧੂ ਨੂੰ ਸੂਬੇ ਦੀ ਕਮਾਨ ਦਿੱਤੀ ਜਾਵੇ। ਇਸ ਦੇ ਬਾਵਜੂਦ ਰਾਵਤ ਲਗਾਤਾਰ ਕੈਪਟਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੈਪਟਨ ਨੇ ਪਿਛਲੇ ਦਿਨੀਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਧੂ ਕੋਲ ਸੰਗਠਨ ਦਾ ਤਜਰਬਾ ਨਹੀਂ ਹੈ ਤੇ ਪਾਰਟੀ 'ਚ ਕਈ ਅਜਿਹੇ ਨੇਤਾ ਹਨ ਜੋ ਯੂਥ ਕਾਂਗਰਸ ਤੋਂ ਆਏ ਹਨ। ਜਦੋਂਕਿ ਸਿੱਧੂ ਨੂੰ ਕਾਂਗਰਸ 'ਚ ਆਏ ਸਿਰਫ ਸਾਢੇ ਚਾਰ ਸਾਲ ਹੀ ਹੋਏ ਹਨ।

ਹੁਣ ਕਾਂਗਰਸ ਪੰਜ ਸੂਬਿਆਂ 'ਚ ਕੋਈ ਚਮਤਕਾਰ ਨਹੀਂ ਕਰ ਸਕੀ ਹੈ ਤਾਂ ਹਾਈਕਮਾਨ ਵੱਲੋਂ ਪੰਜਾਬ 'ਚ ਪਾਰਟੀ ਦੀ ਕਮਾਨ ਸਿੱਧੂ ਦੇ ਹੱਥਾਂ 'ਚ ਸੌਂਪਣ ਲਈ ਦਬਾਅ ਨਹੀਂ ਬਣਾਇਆ ਜਾ ਸਕੇਗਾ। ਉਧਰ, 2022 ਦੀਆਂ ਚੋਣਾਂ 'ਚ ਟਿਕਟਾਂ ਦੀ ਵੰਡ ਸਬੰਧੀ ਵੀ ਕੈਪਟਨ ਦੀ ਭੂਮਿਕਾ ਹੀ ਅਹਿਮ ਰਹੇਗੀ।