ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਨੂੰ ਡਾਇਰੈਕਟ ਮੋਡ ਦੀ ਬਜਾਏ ਰੇਲ-ਸ਼ਿਪ-ਰੇਲ (ਆਰਐੱਸਆਰ) ਫਾਰਮੂਲੇ ਰਾਹੀਂ ਕੋਲਾ ਦਰਾਮਦ ਕਰਨ ਦੇ ਨਿਰਦੇਸ਼ ਦੇਣ ਲਈ ਕੇਂਦਰ ਦੀ ਆਲੋਚਨਾ ਕੀਤੀ ਹੈ।ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ''ਇਸ ਫੈਸਲੇ ਨਾਲ ਸੂਬੇ 'ਤੇ ਤਿੰਨ ਗੁਣਾ ਹੋਰ ਵਿੱਤੀ ਬੋਝ ਪਵੇਗਾ। ਬਿਜਲੀ ਮੰਤਰਾਲੇ ਵੱਲੋਂ ਆਪਣੀ ਘਰੇਲੂ ਕੋਲੇ ਦੀ ਲੋੜ ਨੂੰ ਰੇਲ-ਜਹਾਜ਼-ਰੇਲ ਰਾਹੀਂ ਪੰਜਾਬ ਤਕ ਪਹੁੰਚਾਉਣ ਦੇ ਫੈਸਲੇ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ''। ਕੰਗ ਨੇ ਭਾਜਪਾ 'ਤੇ ਅਡਾਨੀ ਗਰੁੱਪ ਦੇ ਹਿੱਤਾਂ ਦੀ ਰਾਖੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਲਈ ਸਰਕਾਰ ਨੇ ਸਿੱਧੀ ਆਵਾਜਾਈ ਨੂੰ ਅਪਣਾਉਣ ਦੀ ਬਜਾਏ ਦਹੇਜ/ਮੁੰਦਰਾ ਬੰਦਰਗਾਹ ਰਾਹੀਂ ਕੋਲੇ ਦੀ ਢੋਆ-ਢੁਆਈ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਏ ਕਿ ਭਾਜਪਾ ਪੂੰਜੀਪਤੀ ਪੱਖੀ ਪਾਰਟੀ ਹੈ।