ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਹਾਲੀ ਇੰਡਸਟਰੀ ਐਸੋਸੀਏਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਤਕ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਨਾਗਰਿਕਾਂ ਦੀ ਉਮਰ ਤੇ ਸਿਹਤ ਦੇ ਕਾਰਨਾਂ ਲਈ ਉਨ੍ਹਾਂ ਨੂੰ ਤੁਰੰਤ ਜਰੂਰੀ ਵਸਤਾਂ ਦੀ ਡਿਲੀਵਰੀ ਦੀ ਲੋੜ ਹੁੰਦੀ ਹੈ, ਇਸ ਲਈ ਇਹ ਉਪਰਾਲਾ ਕੀਤਾ ਗਿਆ ਹੈ। ਡੀਸੀ ਦਿਆਲਨ ਨੇ ਕਿਹਾ ਕਿ ਬਜੁਰਗ ਨਾਗਰਿਕਾਂ ਨੂੰ ਜੋ ਕੁਝ ਵੀ ਜਰੂਰਤ ਹੈ ਉਹ ਪ੍ਰਸਾਸਨ ਵੱਲੋਂ ਦਿੱਤੇ ਗਏ ਟੈਲੀਫੋਨ ਨੰਬਰਾਂ' ਤੇ ਕਾਲ ਕਰ ਸਕਦੇ ਹਨ। ਉਨਾਂ ਕਿਹਾ ਕਿ ਇਨਾਂ ਨੂੰ ਕਰਿਆਨਾ, ਦਵਾਈ ਅਤੇ ਦੁੱਧ ਪਹਿਲ ਦੇ ਅਧਾਰ 'ਤੇ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਥਾਨਕ ਗੁਰਦੁਆਰਿਆਂ ਤੇ ਪਰਉਪਕਾਰੀ ਲੋਕਾਂ ਦੇ ਸਹਿਯੋਗ ਨਾਲ

ਬੇਘਰੇ, ਬੇਸਹਾਰਾ ਤੇ ਰੋਜ਼ਾਨਾ ਦਿਹਾੜੀਦਾਰਾਂ ਨੂੰ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਸੁੱਕਾ ਰਾਸ਼ਨ ਤੇ ਬਣਿਆ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਰੂਰੀ ਚੀਜ਼ਾਂ ਘਰ-ਘਰ ਪਹੁੰਚਾਉਣ 'ਚ ਕਾਫੀ ਸੁਧਾਰ ਦਾ ਦਾਅਵਾ ਕਰਦਿਆਂ ਡੀ.ਸੀ. ਨੇ ਕਿਹਾ ਕਿ ਸੁਰੂਆਤੀ ਸਮੇਂ ਤੋਂ ਬਾਅਦ ਹੁਣ ਸਿਸਟਮ ਕਾਫੀ ਸੁਚਾਰੂ ਹੋ ਗਿਆ ਹੈ। ਇਸ ਪ੍ਰਕਿਰਿਆ ਦੇ ਪਹਿਲੇ ਦਿਨ ਵੱਧ ਤੋਂ ਵੱਧ ਘਰਾਂ ਨੂੰ ਕਵਰ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਸਥਾਨਕ ਆਸਪਾਸ ਦੀਆਂ ਦੁਕਾਨਾਂ, ਵੱਡੀਆਂ ਪ੍ਰਚੂਨ ਵਿਕਰੇਤਾਵਾਂ ਤੇ ਈ-ਕਾਮਰਸ ਚੇਨ ਨੂੰ ਸਿਹਰਾ ਦਿੰਦਿਆਂ ਉਨਾ ਕਿਹਾ ਕਿ 200 ਤੋਂ ਵੱਧ ਸਥਾਨਕ ਆਸਪਾਸ ਦੀਆਂ ਦੁਕਾਨਾਂ ਇਹ ਸੇਵਾ ਦੇ ਰਹੀਆਂ ਹਨ ਅਤੇ ਉਨ੍ਹਾਂ ਨੂੰ ਈਜੀ-ਡੇ, ਮੋਰ, ਰਿਲਾਇੰਸ ਤੇ ਵੱਡੇ ਰਿਟੇਲਰਾਂ ਦੁਆਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਨਵੇਂ ਦਿਨ ਨਾਲ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ। ਡੀਸੀ ਨੇ ਦੁਹਰਾਇਆ ਕਿ ਸਟੋਰਾਂ ਵਿੱਚ ਕਿਸੇ ਵੀ ਵਾਕ-ਇਨ ਦੀ ਇਜਾਜਤ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਮੰਜੂਰ ਸਾਰੇ ਸਟੋਰ ਸਟਰ ਡਾਉਣ ਕਰ ਕੇ ਕੰਮ ਕਰ ਰਹੇ ਹਨ।