ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਅਕਾਦਮਿਕ ਸਾਲ 2018 ਤੇ 19 ਦੀਆਂ ਸਾਲਾਨਾ ਪ੍ਰੀਖਿਆਵਾਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਮਾਰਚ ਤੋਂ ਸ਼ੁਰੂ ਹੋਣਗੀਆਂ ਜਿਨ੍ਹਾਂ ਵਿਚ ਓਪਨ ਸਕੂਲ ਦੀਆਂ ਪ੍ਰੀਖਿਆਵਾਂ ਤੋਂ ਇਲਾਵਾ ਕੰਪਾਰਟਮੈਂਟ, ਵਾਧੂ ਵਿਸ਼ਾ ਦੇ ਪੇਪਰ ਦੀ ਸ਼ਾਮਲ ਕੀਤੇ ਗਏ ਹਨ ਤੇ ਇਹ 27 ਮਾਰਚ ਤਕ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਜਨਵਰੀ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤਕ ਚੱਲਣਗੀਆਂ।

ਖ਼ਬਰ ਮਿਲੀ ਹੈ ਕਿ ਦੋਹਾਂ ਪ੍ਰੀਖਿਆਵਾਂ ਵਿਚ 7 ਲੱਖ ਦੇ ਕਰੀਬ ਪ੍ਰੀਖਿਆਰਥੀ ਬੈਠਣਗੇ ਜਿਨ੍ਹਾਂ ਲਈ ਬੋਰਡ ਦੇ ਅਧਿਕਾਰੀਆਂ ਨੇ ਢੁੱਕਵੇਂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਦਸਵੀਂ ਜਮਾਤ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ 1.15 ਤਕ ਹੋਵੇਗਾ ਜਦ ਕਿ ਬਾਰ੍ਹਵੀਂ ਜਮਾਤ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਤਕ ਹੋਵੇਗਾ। ਬੋਰਡ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦਾ ਪਹਿਲਾ 15 ਮਾਰਚ ਨੂੰ ਪੰਜਾਬੀ ਏ ਅਤੇ ਪੰਜਾਬ ਦਾ ਇਤਿਹਾਸ ਸੱਭਿਆਚਾਰ ਏ ਵਿਸ਼ੇ ਦਾ ਹੋਵੇਗਾ ਜਦ ਕਿ ਬਾਰ੍ਹਵੀਂ ਜਮਾਤ ਲਈ 1 ਮਾਰਚ ਤੋਂ 2019 ਨੂੰ ਪਹਿਲਾ ਪੇਪਰ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ ਲਈ ਸਾਰੇ ਗਰੁੱਪਾਂ ਲਈ ਵਿਸ਼ੇ ਦਾ ਹੋਵੇਗਾ। ਪਿਛਲੇ ਸਾਲਾਂ ਦੌਰਾਨ ਨਕਲ ਦੇ ਸਮੂਹਿਕ ਕੇਸ ਤਤਕਾਲੀ ਚੇਅਰਮੈਨ ਕਿ੍ਰਸ਼ਨ ਕੁਮਾਰ ਨੇ ਫੜੇ ਸਨ, ਇਸ ਲਈ ਇਸ ਸਾਲ ਬੋਰਡ ਲਈ ਨਕਲ ਦੇ ਮਾਮਲਿਆਂ ਨੂੰ ਰੋਕਣ ਲਈ ਵੱਡੀ ਚੁਣੌਤੀ ਬਣਿਆ ਰਹੇਗਾ।

ਸਿੱਖਿਆ ਵਿਭਾਗ ਦਾ ਲੱਗਾ ਹੈ ਜ਼ੋਰ

ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਦਾ ਇਨ੍ਹਾਂ ਪ੍ਰੀਖਿਆਵਾਂ ਲਈ ਪੂਰਾ ਜ਼ੋਰ ਲੱਗਾ ਹੋਇਆ ਹੈ। ਵਿਆਹ ਜਾਂ ਮੈਡੀਕਲ ਪਰੇਸ਼ਾਨੀ ਨੂੰ ਛੱਡ ਕੇ ਅਧਿਆਪਕਾਂ ਦੀਆਂ ਛੁੱਟੀਆਂ 'ਤੇ ਲਿਖਤੀ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਸਾਇੰਸ, ਹਿਸਾਬ ਅਤੇ ਅੰਗਰੇਜ਼ੀ ਵਿਸ਼ੇ ਤੋਂ ਇਲਾਵਾ ਸਮਾਜਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨੂੰ ਨਤੀਜਿਆਂ ਵਿਚ ਸੁਧਾਰ ਲਿਆਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹੀ ਨਹੀਂ ਪਿਛਲੇ ਸਾਲਾਂ ਦੌਰਾਨ 20 ਫ਼ੀਸਦੀ ਤੋਂ ਘੱਟ ਨਤੀਜਿਆਂ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਵੀ ਕੱਟੀਆਂ ਗਈਆਂ ਹਨ, ਇਸ ਲਈ ਇਸ ਸਾਲ ਵੀ ਸਿੱਖਿਆ ਵਿਭਾਗ ਦੀ ਨਤੀਜਿਆਂ 'ਤੇ ਪੂਰੀ ਨਿਗ੍ਹਾ ਰਹੇਗੀ।