* ਪਿੰਡ ਬਾਕਰਪੁਰ 'ਚ 40ਵਾਂ ਦੰਗਲ ਕਰਵਾਇਆ

* ਸਿਹਤ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

10ਸੀਐਚਡੀ5ਪੀ

ਕੈਪਸ਼ਨ : ਕੁਸ਼ਤੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਬੈਦਵਾਣ ਸਪੋਰਟਸ ਕਲੱਬ ਵੱਲੋਂ ਪਿੰਡ ਬਾਕਰਪੁਰ ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 40ਵਾਂ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿਸ 'ਚ ਲਗਪਗ 100 ਪਹਿਲਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੁਸ਼ਤੀ ਮੁਕਾਬਲੇ ਕਰਵਾਉਣ 'ਤੇ ਬਾਕਰਪੁਰ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਅਹਿਮ ਰੋਲ ਅਦਾ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੂਰੇ ਸੂਬੇ ਵਿੱਚ ਸਮੇਂ ਸਮੇਂ 'ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਸਰੀਰ ਨਰੋਆ ਰਹਿੰਦਾ ਹੈ, ਉਥੇ ਜੀਵਨ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ। ਸ. ਸਿੱਧੂ ਨੇ ਇਸ ਮੌਕੇ ਹਲਕੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੁਹਾਲੀ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਇਆ ਜਾਵੇਗਾ। ਹਾਲ ਹੀ ਵਿਚ ਖਜ਼ਾਨਾ ਮੰਤਰੀ, ਪੰਜਾਬ ਮਨਪ੍ਰਰੀਤ ਬਾਦਲ ਨੇ ਮੋਹਾਲੀ ਸ਼ਹਿਰ ਦੇ ਵਿਕਾਸ ਲਈ 2.41 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ 1.45 ਕਰੋੜ ਹੋਰ ਸੁਸਾਇਟੀਆਂ ਲਈ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਇਸ ਦੌਰਾਨ ਜਤਿੰਦਰ ਪਥਰੇੜੀਆ ਜੱਟਾਂ ਅਤੇ ਮੀਤ ਕੁਹਾਲੀ ਵਿਚਕਾਰ 41 ਹਜ਼ਾਰ ਦੀ ਵੱਡੀ ਝੰਡੀ ਲਈ ਗਹਿਗੱਚ ਮੁਕਾਬਲਾ ਹੋਇਆ, ਜੋ 30-35 ਮਿੰਟਾਂ ਤੋਂ ਬਾਅਦ ਵੀ ਬਰਾਬਰ ਹੀ ਰਿਹਾ, ਜਦੋਂ ਕਿ 11 ਹਜ਼ਾਰ ਦੀ ਛੋਟੀ ਝੰਡੀ ਦਾ ਮੁਕਾਬਲਾ ਅਮਰਜੀਤ ਚੰਡੀਗੜ੍ਹ ਨੇ ਸਵਰਨ ਡੂਮਛੇੜੀ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਜਿੱਥੇ ਕੈਬਨਿਟ ਮੰਤਰੀ ਸ. ਸਿੱਧੂ ਨੇ ਕਲੱਬ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਉਥੇ ਪਿੰਡ ਦੀ ਪੰਚਾਇਤ ਅਤੇ ਕਲੱਬ ਮੈਂਬਰਾਂ ਨੇ ਸਿਹਤ ਮੰਤਰੀ ਦਾ ਸਨਮਾਨ ਵੀ ਕੀਤਾ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦਾ ਵੱਡੀ ਗਿਣਤੀ ਵਿਚ ਮੌਜੂਦ ਦਰਸ਼ਕਾਂ ਨੇ ਆਨੰਦ ਮਾਣਿਆ।

ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਵਿੰਦਰ ਸਿੰਘ ਬੜੀ, ਜੀਐੱਸ ਰਿਆੜ, ਸਤਪਾਲ ਸਿੰਘ, ਸਰਪੰਚ ਜਗਤਾਰ ਸਿੰਘ, ਪੰਚ ਹਰੀ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਵਰਿੰਦਰ ਸਿੰਘ, ਪੰਚ ਅਜੈਬ ਸਿੰਘ, ਦਵਿੰਦਰ ਸਿੰਘ ਜ਼ੈਲਦਾਰ, ਕਲੱਬ ਪ੍ਰਧਾਨ ਸ੍ਰੀ ਮੰਗਲੇਸ਼ਵਰ, ਮੀਤ ਪ੍ਰਧਾਨ ਸ੍ਰੀ ਰਣਜੀਤ ਸਿੰਘ (ਬੱਲੂ), ਸਕੱਤਰ ਹਰਦੀਪ ਸਿੰਘ, ਖਜ਼ਾਨਚੀ ਚਰਨ ਸਿੰਘ, ਧਰਮਪਾਲ ਸਿੰਘ, ਬਹਾਲ ਸਿੰਘ ਗਿੱਲ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।