ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ-ਸੰਯੁਕਤ ਦੇ ਕੌਮੀ ਜਨਰਲ ਸਕੱਤਰ ਦਮਨਵੀਰ ਸਿੰਘ ਫਿਲੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਖੁੱਲ੍ਹਾ ਪੱਤਰ ਲਿਖਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਵਰਤੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਵਸੂਲੀ ਜਾਣ ਵਾਲੀ ਫ਼ੀਸ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਬੰਧਤ ਚੈਨਲ ਕੋਲੋਂ ਐੱਸਜੀਪੀਸੀ ਕੋਲ ਟੈਲੀਕਾਸਟ ਤੋਂ ਆਈ ਰਾਸ਼ੀ ਦੀ ਪੰਥ ਦੇ ਭਲੇ ਲਈ ਕੀਤੀ ਗਈ ਵਰਤੋਂ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਹੈ।

ਫਿਲੌਰ ਨੇ ਖੁੱਲੇ ਪੱਤਰ ਵਿਚ ਲਿਖਿਆ ਹੈ ਕਿ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਕੋਲ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਇੱਕੋ-ਇਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੋਸ਼ ਹਨ ਕਿ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕੀਤਾ ਅਤੇ ਇਸ ਨੂੰ ਵੇਚ ਕੇ ਫੰਡ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਮੁੱਦੇ ’ਤੇ ਤੱਥਾਂ ਨੂੰ ਜਨਤਕ ਡੋਮੇਨ ਵਿਚ ਲਿਆਂਦਾ ਜਾਵੇ ਕਿਉਂਕਿ ਪਵਿੱਤਰ ਗੁਰਬਾਣੀ ਨੂੰ ਵਪਾਰਕ ਮੰਤਵਾਂ ਲਈ ਵਰਤਣਾ ਪਾਪ ਹੈ।

ਫਿਲੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਖੁੱਲ੍ਹੇ ਪੱਤਰ ਵਿਚ ਇਸ ਮਾਮਲੇ ਬਾਰੇ ਵ੍ਹਾਈਟ ਪੇਪਰ ਦੀ ਮੰਗ ਕੀਤੀ ਹੈ, ਕਿ ਕੀ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕੀਤਾ ਹੈ ਤੇ ਜੇ ਅਜਿਹਾ ਕੀਤਾ ਹੈ ਤਾਂ ਪਿਛਲੇ ਕਈ ਸਾਲਾਂ ਵਿਚ ਅਜਿਹਾ ਕਰਕੇ ਚੈਨਲ ਨੂੰ ਕਿੰਨਾ ਮੁਨਾਫ਼ਾ ਹੋਇਆ ਹੈ। ਉਨ੍ਹਾਂ ਲਿਖਿਆ ਕਿ ਸ਼੍ਰੋਮਣੀ ਕਮੇਟੀ ਸਬੰਧਿਤ ਨੈੱਟਵਰਕ ਨੂੰ ਸਾਰੇ ਤੱਥ ਅਤੇ ਅੰਕੜੇ ਆਪਣੇ ਸਾਹਮਣੇ ਪੇਸ਼ ਕਰਨ ਲਈ ਨਿਰਦੇਸ਼ ਦੇਵੇ ਅਤੇ ਇਸ ਮਗਰੋਂ ਕਮੇਟੀ ਵੱਲੋਂ ਸਾਰੀ ਜਾਣਕਾਰੀ ਨੂੰ ਜਨਤਕ ਕੀਤਾ ਜਾਵੇ।

Posted By: Sandip Kaur