-ਮੌਕੇ 'ਤੇ ਵਸੂਲਿਆ ਜੁਰਮਾਨਾ ਤੇ ਸਮਾਨ ਕੀਤਾ ਜ਼ਬਤ

ਸੁਰਜੀਤ ਸਿੰਘ ਕੋਹਾੜ, ਲਾਲੜੂ : ਸੀਐੱਚਸੀ ਲਾਲੜੂ ਦੇ ਐੱਸਐੱਮਓ ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਸਿਹਤ ਵਿਭਾਗ ਲਾਲੜੂ ਦੀ ਟੀਮ ਵੱਲੋਂ ਸ਼ਹਿਰ 'ਚ ਤੰਬਾਕੂ ਮੁਕਤ ਮੁਹਿੰਮ ਤਹਿਤ ਤੰਬਾਕੂ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ 'ਚੋਂ ਕਾਫ਼ੀ ਮਾਤਰਾ 'ਚ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਜਿਵੇਂ ਕਿ ਗੁਟਕਾ, ਪਾਨ -ਮਸਲਾ, ਚੈਨੀ-ਖੈਨੀ, ਕੂਲ -ਲਿਪ ਆਦਿ ਤੰਬਾਕੂ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ 140 ਦੇ ਕਰੀਬ ਦੁਕਾਨਾਂ ਦੀ ਜਾਂਚ ਕੀਤੀ ਗਈ ਤੇ ਮੌਕੇ ਉਤੇ ਹੀ 20 ਦੁਕਾਨਾਂ ਦੇ ਚਲਾਨ ਕੱਟਦਿਆਂ ਜੁਰਮਾਨਾ ਕੀਤਾ ਗਿਆ ਤੇ ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਗਿਆ। ਡਾ. ਅੰਸ਼ੂ ਗਰਗ ਤੇ ਹੈਲਥ ਵਰਕਰ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਲਾਲੜੂ ਦੀਆਂ ਜਨਤਕ ਥਾਵਾਂ ਉੱਤੇ ਪਾਬੰਦੀਸ਼ੁਦਾ ਤੰਬਾਕੂ ਦੀ ਵਿਕਰੀ ਹੋ ਰਹੀ ਹੈ, ਜਿਸ ਨਾਲ ਸਾਡੇ ਨੌਜਵਾਨ ਤੇ ਬੱਚੇ ਨਸ਼ੇ ਦੇ ਆਦੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਖਾਣ ਨਾਲ ਵਿਅਕਤੀ ਕੈਂਸਰ, ਟੀਬੀ ਤੇ ਸਾਹ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ, ਜਿਸ ਦੇ ਅਧਾਰ 'ਤੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨਾ ਵੀ ਕੀਤਾ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਲਥ ਵਰਕਰ ਹਰਮੇਲ ਸਿੰਘ, ਪੁਲਿਸ ਮੁਲਾਜ਼ਮ ਮਨਜੀਤ ਸਿੰਘ, ਮਦਨ ਲਾਲ ਤੇ ਨਗਰ ਕੌਂਸਲ ਦੇ ਵਰਕਰ ਸੰਜੀਵ ਕੁਮਾਰ ਤੇ ਰਵੀ ਕੁਮਾਰ ਆਦਿ ਵੀ ਹਾਜ਼ਰ ਸਨ।