ਸਟੇਟ ਬਿਊਰੋ, ਚੰਡੀਗੜ੍ਹ : ਦੇਸ਼ ਵਿਚ ਦੋ ਹਜ਼ਾਰ ਰੁਪਏ ਦਾ ਨੋਟ ਬੰਦ ਕਰਨ ਨੂੰ ਲੈ ਕੇ ਹੋਏ ਐਲਾਨ ਤੋਂ ਬਾਅਦ ਪੰਜਾਬ ਦੇ ਪੈਟਰੋਲ ਪੰਪ ਮਾਲਕ ਤੇ ਮੁਲਾਜ਼ਮ ਪਰੇਸ਼ਾਨ ਹੋ ਗਏ ਹਨ। ਆਪਣੇ ਵਾਹਨ ’ਚ ਸਿਰਫ਼ 100 ਰੁਪਏ ਦਾ ਤੇਲ (ਪੈਟਰੋਲ ਜਾਂ ਡੀਜ਼ਲ) ਪਵਾਉਣ ਲਈ ਵਾਹਨ ਚਾਲਕ 2 ਹਜ਼ਾਰ ਰੁਪਏ ਦਾ ਨੋਟ ਫੜਾ ਦਿੰਦੇ ਹਨ ਤੇ ਪੰਪ ਦੇ ਮੁਲਾਜ਼ਮਾਂ ਨੂੰ ਇਸ ਦਾ ਬਕਾਇਆ ਭੁਗਤਾਨ ਕਰਨ ਵਿਚ ਪਰੇਸ਼ਾਨੀ ਹੋ ਰਹੀ ਹੈ। ਹੁਣ ਉਨ੍ਹਾਂ ਕੋਲ ਸੌ, ਦੋ ਸੌ ਤੇ ਪੰਜ ਸੌ ਦੇ ਨੋਟ ਖ਼ਤਮ ਹੋਣ ਲੱਗੇ ਹਨ ਅਤੇ ਬੈਂਕ ਵੀ ਉਨ੍ਹਾਂ ਨੂੰ ਇਹ ਨੋਟ ਮੁਹੱਈਆ ਨਹੀਂ ਕਰਵਾ ਰਹੇ ਹਨ।

ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਆਪਣੀ ਇਸ ਪਰੇਸ਼ਾਨੀ ਬਾਰੇ ਭਾਰਤੀ ਰਿਜ਼ਰਵ ਬੈਂਕ ਨੂੰ ਜਾਣੂੰ ਕਰਵਾਉਂਦਿਆਂ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੈਂਕਾਂ ’ਚ ਉੱਚਿਤ ਨਕਦੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਇਹ ਨੋਟ ਮਿਲ ਸਕਣ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ 2 ਹਜ਼ਾਰ ਰੁਪਏ ਦੇ ਨੋਟ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਠੀਕ ਉਸ ਤਰ੍ਹਾਂ ਦੇ ਹੀ ਹਾਲਾਤ ਪੈਦਾ ਹੋ ਗਏ ਹਨ ਜਿਸ ਤਰ੍ਹਾਂ ਦੇ 2016 ਦੀ ਨੋਟਬੰਦੀ ਦੌਰਾਨ ਪੈਦਾ ਹੋਏ ਸਨ। ਜ਼ਿਆਦਾਤਰ ਗਾਹਕ ਸਿਰਫ ਸੌ ਜਾਂ ਦੋ ਸੌ ਰੁਪਏ ਦਾ ਪੈਟਰੋਲ ਜਾਂ ਡੀਜ਼ਲ ਭਰਵਾਉਣ ਤੋਂ ਬਾਅਦ ਦੋ ਹਜ਼ਾਰ ਰੁਪਏ ਦਾ ਨੋਟ ਫੜਾ ਦਿੰਦੇ ਹਨ ਜਿਸ ਕਾਰਨ ਪੈਟਰੋਲ ਪੰਪਾਂ ’ਤੇ ਸੌ, ਦੋ ਸੌ ਤੇ ਪੰਜ ਸੌ ਰੁਪਏ ਦੇ ਨੋਟ ਲੋੜੀਂਦੀ ਮਾਤਰਾ ਵਿਚ ਨਾ ਹੋਣ ਕਾਰਨ ਬਕਾਇਆ ਭੁਗਤਾਨ ਲਈ ਸਮੱਸਿਆ ਖੜ੍ਹੀ ਹੋ ਰਹੀ ਹੈ। ਜਦੋਂ ਪੰਪ ਮਾਲਕ ਜਾਂ ਮੁਲਾਜ਼ਮ ਗਾਹਕ ਤੋਂ ਆਨਲਾਈਨ ਭੁਗਤਾਨ ਕਰਨ ਲਈ ਕਹਿੰਦੇ ਹਨ ਤਾਂ ਉਹ ਮਨ੍ਹਾਂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ 40 ਪ੍ਰਤੀਸ਼ਤ ਗਾਹਕ ਆਨਲਾਈਨ ਭੁਗਤਾਨ ਕਰਦੇ ਸਨ ਪਰ ਹੁਣ ਅਜਿਹੇ ਗਾਹਕਾਂ ਦੀ ਗਿਣਤੀ ਵੀ ਘੱਟ ਕੇ 10 ਫੀਸਦੀ ਰਹਿ ਗਈ ਹੈ। ਬਾਕੀ ਸਾਰੇ ਗਾਹਕ ਨਕਦ ਪੈਸੇ ਦੇ ਰਹੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੋ ਹਜ਼ਾਰ ਰੁਪਏ ਦਾ ਨੋਟ ਦਿੰਦੇ ਹਨ।

ਰਾਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਐਲਾਨ ਤੋਂ ਪਹਿਲਾਂ ਜਿੱਥੇ ਦਿਨ ਦੀ ਕੁੱਲ ਵਿਕਰੀ ਤੋਂ ਮਿਲਣ ਵਾਲੀ ਰਾਸ਼ੀ ’ਚ 10 ਫ਼ੀਸਦੀ ਰਾਸ਼ੀ ਹੀ ਦੋ ਹਜ਼ਾਰ ਰੁਪਏ ਦੇ ਨੋਟ ਦੀ ਹੁੰਦੀ ਸੀ ਪਰ ਹੁਣ ਇਹ 90 ਫ਼ੀਸਦੀ ਹੋ ਗਈ ਹੈ ਜਿਸ ਨੂੰ ਉਹ ਉਸੇ ਦਿਨ ਬੈਂਕਾਂ ਵਿਚ ਜਮ੍ਹਾਂ ਕਰਵਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਫਿਰ ਤੋਂ ਨੋਟਬੰਦੀ ਦੇ ਸਮੇਂ ਵਾਂਗ ਆਮਦਨ ਕਰ ਵਿਭਾਗ ਦੀ ਪੁੱਛਗਿੱਛ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਰਬੀਆਈ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਬੈਂਕਾਂ ਵਿਚ ਛੋਟੇ ਨੋਟ (100, 200 ਤੇ 500) ਵੱਧ ਤੋਂ ਵੱਧ ਮੁਹੱਈਆ ਕਰਵਾਈ ਜਾਣ ਤਾਂ ਕਿ ਪਰੇਸ਼ਾਨੀ ਖ਼ਤਮ ਹੋਵੇ।

Posted By: Sandip Kaur