ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀਪੀਐੱਡ ਕੋਰਸ ਅਧੀਨ ਪੜ੍ਹਾਈ ਕਰਦੀ ਤਾਇਕਵਾਂਡੋ ਖਿਡਾਰਣ ਅਰੁਣਾ ਤੰਵਰ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਾਇਮ ਕਰਦਿਆਂ ਟੋਕਿਓ ਪੈਰਾ-ਉਲੰਪਿਕ ਖੇਡਾਂ ਲਈ ਜਗ੍ਹਾ ਪੱਕੀ ਕਰਕੇ ਸਮੁੱਚੇ ਦੇਸ਼ ਦਾ ਮਾਣ ਵਧਾਇਆ ਹੈ। ਅਰੁਣਾ ਤੰਵਰ ਦੇਸ਼ ਦੀ ਪਹਿਲੀ ਤਾਇਕਵਾਂਡੋ ਖਿਡਾਰਣ ਹੈ, ਜੋ ਪੈਰਾ-ਉਲੰਪਿਕ ਖੇਡਾਂ ਲਈ 47 ਸਾਲਾਂ ਬਾਅਦ ਦੇਸ਼ ਦੀ ਨੁਮਾਇੰਦਗੀ ਕਰੇਗੀ। ਅਰੁਣਾ ਨੂੰ ਆਗਾਮੀ ਟੋਕਿਓ ਪੈਰਾ ਉਲੰਪਿਕ ਖੇਡਾਂ ਲਈ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ, ਜਿਸ ਨਾਲ ਉਹ ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ 'ਚ ਕੇ-43 ਅੰਡਰ-49 ਵਰਗ ਅਧੀਨ ਆਪਣਾ ਖੇਡ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਚਮਕਾਏਗੀ। 24 ਅਗਸਤ ਤੋਂ 5 ਸਤੰਬਰ, 2021 ਨੂੰ ਹੋਣ ਵਾਲੇ ਟੋਕਿਓ ਮਹਾਂ-ਮੁਕਾਬਲੇ 'ਚ 37 ਦੇਸ਼ਾਂ ਤੋਂ 72 ਤਾਈਕਵਾਂਡੋ ਖਿਡਾਰੀ ਆਪਣੀ ਖੇਡ ਪ੍ਰਤੀਭਾ ਦਾ ਲੋਹਾ ਮਨਵਾਉਣਗੇ।

ਜ਼ਿਕਰਯੋਗ ਹੈ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦਿਨੌੜ ਦੀ ਰਹਿਣ ਵਾਲੀ ਅਰੁਣਾ ਨੂੰ ਵਾਈਲਡ ਕਾਰਡ ਐਂਟਰੀ ਉਸ ਦੀ ਪੁਰਾਣੀ ਖੇਡ ਕਾਰਗੁਜ਼ਾਰੀ ਦੇ ਆਧਾਰ 'ਤੇ ਪ੍ਰਦਾਨ ਕੀਤੀ ਗਈ ਹੈ। ਮੌਜਦੂ ਸਮੇਂ 'ਚ ਉਹ ਮਹਿਲਾ ਅੰਡਰ-49 ਵਰਗ 'ਚ ਮੌਜੂਦਾ ਸਮੇਂ 'ਚ ਵਿਸ਼ਵ ਭਰ 'ਚੋਂ ਚੌਥੇ ਸਥਾਨ 'ਤੇ ਕਾਬਜ਼ ਹੈ ਜਦਕਿ ਨੈਸ਼ਨਲ ਪੱਧਰ 'ਤੇ ਪਹਿਲੇ ਸਥਾਨ 'ਤੇ ਕਾਬਜ਼ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਯਾਤਰਾ 'ਤੇ ਲਗਾਈ ਰੋਕ ਦੇ ਚਲਦੇ ਭਾਰਤੀ ਤਾਈਕਵਾਂਡੋ ਟੀਮ ਪਿਛਲੇ ਮਹੀਨੇ ਜੌਰਡਨ 'ਚ ਹੋਣ ਵਾਲੇ ਕੁਆਲੀਫ਼ੀਕੇਸ਼ਨ ਮੁਕਾਬਲੇ ਤੋਂ ਖੁੰਝ ਗਈ ਸੀ। ਅਰੁਣਾ ਅੱਠ ਦੇਸ਼ਾਂ ਦੇ ਅੱਠ ਖਿਡਾਰੀਆਂ 'ਚ ਸ਼ਾਮਲ ਹੈ, ਜਿਨਾਂ੍ਹ ਨੂੰ ਆਈਓਸੀ ਅਤੇ ਵਰਲਡ ਤਾਈਕਵਾਂਡੋ ਵੱਲੋਂ ਵਾਈਲਡ ਐਂਟਰੀ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਅਰੁਣਾ ਤੰਵਰ ਨੇ ਦੱਸਿਆ ਕਿ ਇੰਨੇ ਵੱਡੇ ਮੰਚ 'ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਲਈ ਜਿੱਥੇ ਮਾਣ ਵਾਲੀ ਗੱਲ ਹੈ ਉਥੇ ਹੀ ਵੱਡੀ ਜ਼ਿੰਮੇਵਾਰੀ ਵੀ ਹੈ। ਉਸਨੇ ਦੱਸਿਆ ਕਿ ਪੈਰਾ ਤਾਈਕਵਾਂਡੋ ਐਸੋਸੀਏਸ਼ਨ ਇੰਡੀਆ ਦੇ ਸੰਪੂਰਨ ਸਹਿਯੋਗ ਤੇ ਕੋਚ ਅਸ਼ੋਕ ਕੁਮਾਰ, ਸੁਖਦੇਵ ਰਾਜ ਦੇ ਮਾਰਗ ਦਰਸ਼ਨ ਹੇਠ ਉਸ ਨੇ ਜ਼ੋਸ਼ੋ ਖਰੋਸ਼ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਰੁਣਾ ਨੇ ਕਿਹਾ ਕਿ ਉਸਦੇ ਪਿਤਾ ਨਰੇਸ਼ ਤੰਵਰ ਨੇ ਬਤੌਰ ਡਰਾਈਵਰ ਨੌਕਰੀ ਕਰਦਿਆਂ ਹਰ ਪੱਧਰ 'ਤੇ ਉਸਦੀ ਸਹਾਇਤਾ ਕੀਤੀ ਅਤੇ ਉਸ ਦਾ ਸੁਪਨਾ ਹੈ ਕਿ ਟੋਕਿਓ ਪੈਰਾਓਲੰਪਿਕ 'ਚ ਮੈਡਲ ਹਾਸਲ ਕਰਕੇ ਉਹ ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰਕੇ ਦੇਸ਼ ਦਾ ਨਾਮ ਦੁਨੀਆਂ ਭਰ 'ਚ ਚਮਕਾਏ।

ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀ ਹੋਣਹਾਰ ਖਿਡਾਰਣ ਖੇਡ ਜਗਤ ਦੇ ਐਨੇ ਵੱਡੇ ਪਲੇਟਫ਼ਾਰਮ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਉਨਾਂ੍ਹ 'ਵਰਸਿਟੀ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਅਰੁਣਾ ਤੰਵਰ ਨੂੰ ਟੋਕਿਓ ਪੈਰਾਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ੍ਹ ਕਿਹਾ ਕਿ 'ਵਰਸਿਟੀ ਪੋ੍ਫੈਸ਼ਨਲ ਐਜੂਕੇਸ਼ਨ ਤੋਂ ਇਲਾਵਾ ਖੇਡਾਂ ਦੇ ਖੇਤਰ 'ਚ ਵੀ ਹਰ ਪ੍ਰਤੀਭਾਸ਼ਾਲੀ ਵਿਦਿਆਰਥੀ ਨੂੰ ਸੰਪੂਰਨ ਸਹਿਯੋਗ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਲਈ 'ਵਰਸਿਟੀ ਵੱਲੋਂ ਮੇਜਰ ਧਿਆਨ ਚੰਦ ਸਕਾਲਰਸ਼ਿਪ ਸਕੀਮ ਅਧੀਨ ਖਿਡਾਰੀਆਂ ਨੂੰ 100 ਫ਼ੀਸਦੀ ਤੱਕ ਦੇ ਵਜ਼ੀਫ਼ੇ, ਡਾਈਟ ਫ਼ੀਸ ਅਤੇ ਮੁਫ਼ਤ ਰਿਹਾਇਸ਼ ਪ੍ਰਦਾਨ ਕਰਵਾਈ ਜਾ ਰਹੀ ਹੈ।