ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਡੇਰਾਬਸੀ ਵਿਖੇ ਸੁਖਮਨੀ ਸਕੂਲ ਦੇ ਸਾਹਮਣੇ ਦੋ ਨੌਜਵਾਨ ਦਿਨ ਦਿਹਾੜੇ ਕਾਰ 'ਚ ਬੈਠੀ ਅੌਰਤ ਨੂੰ ਅਗਵਾ ਕਰਨ ਅਤੇ ਬਾਅਦ 'ਚ ਦੱਪਰ ਪਲਾਜ਼ਾ ਕੋਲ ਉਤਾਰ ਕੇ ਕਾਰ ਲੈ ਕੇ ਫ਼ਰਾਰ ਹੋਣ ਵਾਲੇ ਦੋ ਲੁਟੇਰਿਆਂ 'ਚੋਂ ਪੁਲਿਸ ਨੇ ਇਕ ਲੁਟੇਰੇ ਨੂੰ ਵਾਰਦਾਤ ਤੋਂ ਇੱਕ ਮਹੀਨੇ ਬਾਅਦ ਗਿ੍ਫ਼ਤਾਰ ਕਰ ਲਿਆ ਹੈ। ਦੂਸਰਾ ਲੁਟੇਰਾ ਹਾਲੇ ਫ਼ਰਾਰ ਹੈ ਜਿਸ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਜੁਗਲ ਸਿੰਘ ਉਰਫ਼ ਜੱਗਾ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਪਹੰੁਵਿੰਡ ਜ਼ਿਲ੍ਹਾ ਤਰਨਤਾਰਨ ਦੇ ਤੌਰ 'ਤੇ ਹੋਈ ਹੈ, ਜਦੋਂ ਕਿ ਫ਼ਰਾਰ ਮੁਲਜ਼ਮ ਰਾਜਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਕਾਨ ਨੰਬਰ 1177 ਵਾਰਡ ਨੰਬਰ 5 ਜੁਝਾਰ ਨਗਰ ਮੋਗਾ ਦਾ ਰਹਿਣਾ ਵਾਲਾ ਹੈ। ਜੁਗਲ ਅੰਮਿ੍ਤਸਰ ਤੋਂ ਭਜਾ ਕੇ ਲਿਆਂਦੀ ਇੱਕ ਲੜਕੀ ਨਾਲ ਵਿਆਹ ਕਰਨ ਤੋਂ ਬਾਅਦ ਇੱਥੇ ਹੈਬਤਪੁਰ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਕੰਮ ਦੀ ਭਾਲ 'ਚ ਜੁਗਲ ਅਤੇ ਰਾਜਦੀਪ ਦੀ ਦੋਸਤੀ ਹੋ ਗਈ ਪਰੰਤੂ ਪੈਸਿਆਂ ਦੀ ਤੰਗੀ ਨੇ ਉਸਨੂੰ ਵੱਡਾ ਗੁਨਾਹ ਕਰਨ ਦੇ ਲਈ ਉਕਸਾਇਆ। ਜੁਗਲ ਚਾਰ ਦਿਨ ਦੇ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਅੱਜ ਮੁੜ ਡੇਰਾਬੱਸੀ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਨਿਆਂਇਕ ਹਿਰਾਸਤ ਲਈ ਜੇਲ ਭੇਜ ਦਿੱਤਾ।

ਚੋਰਾਂ 'ਤੇ ਪੈ ਗਏ ਮੋਰ ਹੋਣ ਵਾਲੀ ਕਹਾਵਤ ਹੋਈ ਸੱਚ

ਗਿ੍ਫ਼ਤਾਰ ਕੀਤੇ ਮੁਲਜ਼ਮ ਨੇ ਦੱਸਿਆ ਕਿ ਉਹ ਦੋਵੇਂ ਜਣੇ ਕਾਰ ਲੈ ਕੇ ਫ਼ਰਾਰ ਹੋਏ ਸਨ ਅਤੇ ਜੱਗੇ ਨੂੰ ਤਰਨਤਾਰਨ ਵਿਖੇ ਉਤਾਰ ਕੇ ਰਾਜਦੀਪ ਕਾਰ ਸਮੇਤ ਅੱਗੇ ਨਿਕਲ ਗਿਆ। ਉਸਨੇ ਭਰੋਸਾ ਦਿੱਤਾ ਸੀ ਕਿ ਕਾਰ ਵੇਚਣ ਮਗਰੋਂ ਉਸਨੂੰ ਫ਼ੋਨ ਕਰੇਗਾ ਅਤੇ ਉਸਦਾ ਹਿੱਸਾ ਉਸਨੂੰ ਪਹੰੁਚਾ ਦੇੇਵੇਗਾ। ਪਰੰਤੂ ਰਾਜਦੀਪ ਜੱਗੇ ਨੂੰ ਚਕਮਾ ਦੇ ਕੇ ਹੁਣ ਤੱਕ ਫ਼ਰਾਰ ਹੈ। ਮੁਲਜ਼ਮ ਨੂੰ ਚੋਰੀ ਦਾ ਹਿੱਸਾ ਵੀ ਨਾ ਮਿਲਿਆ ਅਤੇ ਨਾਲ ਹੀ ਜੇਲ੍ਹ ਦੀ ਹਵਾ ਵੀ ਖਾਣੀ ਪੈ ਗਈ। ਇਹ ਗਿ੍ਫ਼ਤਾਰੀ ਵਾਰਦਾਤ ਦੌਰਾਨ ਹਾਈਵੇ ਕਿਨਾਰੇ ਸੀਸੀਟੀਵੀ ਫ਼ੁਟੇਜ਼ ਅਤੇ ਮੋਬਾਇਲ ਫ਼ੋਨ ਦੇ ਡੰਪ ਦੇ ਵਿਸਲੇਸ਼ਣ ਤੋਂ ਬਾਅਦ ਸੰਭਵ ਹੋਈ ਹੈ ਜਿਸਦੇ ਲਈ ਪੁਲਿਸ ਟੀਮਾਂ ਲੱਗੀਆ ਹੋਈਆ ਸਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਪਿਸਤੌਲ ਨਹੀਂ ਸੀ, ਕਾਰ ਵਿਚ ਬੈਠੀ ਅੌਰਤ ਨੂੰ ਸਿਰਫ਼ ਪਿਸਤੌਲ ਦਾ ਡਰਾਵਾ ਹੀ ਦਿੱਤਾ ਗਿਆ ਸੀ ਤਾਂ ਕਿ ਉਹ ਰੌਲਾ ਨਾ ਪਾ ਸਕੇ।

ਇਹ ਸੀ ਮਾਮਲਾ

7 ਜਨਵਰੀ ਨੂੰ 40 ਸਾਲਾ ਰਿਤੂ ਆਪਣੇ ਪਤੀ ਰਾਜੀਵ ਚੰਦ ਵਾਸੀ ਮਕਾਨ ਨੰਬਰ 314 ਗ੍ਰੀਨ ਵੈਲੀ ਦੰਦਰਾਲਾ ਡੇਰਾਬਸੀ ਦੇ ਦੋ ਬੱਚੇ ਸੁਖਮਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੇ ਹਨ। ਦੋਵੇਂ ਜਣੇ ਆਪਣੀ ਟਾਟਾ ਤਿਆਗੋ ਗਰੇਅ ਰੰਗ ਦੀ ਕਾਰ 'ਚ ਅੰਬਾਲਾ ਵੱਲ ਨੂੰ ਨਿਕਲੇ ਸਨ। ਸੁਖਮਨੀ ਸਕੂਲ ਦੇ ਸਾਹਮਣੇ ਹੇਲਾ ਕੰਪਨੀ ਦੇ ਬਾਹਰ ਕਾਰ 'ਚ ਰਿਤੂ ਨੂੰ ਬਿਠਾ ਕੇ ਪਤੀ ਫ਼ੀਸ ਭਰਨ ਦੇ ਲਈ ਹਾਈਵੇਅ ਪਾਰ ਚਲਾ ਗਿਆ। ਰਿਤੂ ਕਾਰ 'ਚ ਹੀ ਰਹੀ ਅਤੇ ਚਾਬੀ ਵੀ ਕਾਰ 'ਚ ਲੱਗੀ ਹੋਈ ਸੀ। ਇਸ ਦੌਰਾਨ ਦੋ ਪੈਦਲ ਆਏ ਨੌਜਵਾਨ ਸਕੂਲ ਵੱਲ ਤੋਂ ਹਾਈਵੇਅ ਪਾਰ ਕਰਦੇ ਹੋਏ ਕਾਰ ਦੇ ਪਿੱਛੇ ਖੜ੍ਹੇ ਹੋ ਗਏ। ਯੋਜਨਾ ਦੇ ਤਹਿਤ ਇਕ ਨੌਜਵਾਨ ਡਰਾਈਵਰ ਵਾਲੀ ਸੀਟ 'ਤੇ ਜਾ ਬੈਠਿਆ ਅਤੇ ਦੂਸਰੇ ਨੇ ਕਾਰ ਦੀ ਪਿਛਲੀ ਸੀਟ 'ਤੇ ਬੈਠ ਕੇ ਅੌਰਤ ਦਾ ਮੂੰਹ ਦਬਾ ਲਿਆ ਅਤੇ ਕਾਰ ਅੰਬਾਲੇ ਵੱਲ ਨੂੰ ਭਜਾ ਲਈ। ਦੱਪਰ ਟੋਲ ਪਲਾਜ਼ੇ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਲਈ ਯੂ ਟਰਨ ਲਿਆ ਅਤੇ ਸੜਕ ਤੇ ਰਿਤੂ ਨੂੰ ਉਤਾਰਨ ਤੋਂ ਪਹਿਲਾਂ ਉਸਦੇ ਗਲੇ 'ਚ ਸੋਨੇ ਦੀ ਚੇਨ ਵੀ ਖਿੱਚ ਲਈ ਅਤੇ ਤੇਜ਼ੀ ਨਾਲ ਕਾਰ ਭਜਾ ਲਈ । ਪਤੀ ਦਾ ਫੋਨ ਅਤੇ ਪਰਸ ਵੀ ਕਾਰ ਦੇ ਡੈਸ਼ਬੋਰਡ 'ਚ ਮੌਜੂਦ ਸੀ ਪਰਸ 'ਚ ਕਰੀਬ ਸੱਤ ਹਜ਼ਾਰ ਰੁਪਏ ਦੱਸੇ ਜਾ ਰਹੇ ਹਨ। ਅੌਰਤ ਨੇ ਕਿਸੀ ਤੋਂ ਫੋਨ ਮੰਗ ਕੇ ਪਤੀ ਨੂੰ ਫੋਨ ਕੀਤਾ ਤਾਂ ਲੁਟੇਰਿਆਂ ਨੇ ਫੋਨ ਕੱਟ ਦਿੱਤਾ।