ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬਸੀ ਗੁਲਾਬਗੜ੍ਹ ਰੋਡ 'ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਿਨਾਉਣਾ ਅਪਰਾਧ ਕਰਦਿਆਂ ਰਾਤ ਨੂੰ ਆਪਣੀ ਨੀਂਦ 'ਚ ਸੁੱਤੀ ਪਤਨੀ 'ਤੇ ਗਰਮ ਤੇਲ ਸੁੱਟ ਦਿੱਤਾ। ਗਰਮ ਤੇਲ ਉਸ ਦੇ ਚਿਹਰੇ, ਛਾਤੀ, ਮੋਿਢਆਂ ਅਤੇ ਬਾਹਾਂ 'ਤੇ ਡਿੱਗਿਆ। ਇਸ ਘਟਨਾ ਮਗਰੋਂ ਪਤਨੀ ਦੇ ਰੌਲਾ ਪਾਉਣ ਤੋਂ ਬਾਅਦ ਪਤੀ ਫ਼ਰਾਰ ਹੋ ਗਿਆ।

ਔਰਤ 15 ਤੋਂ 20 ਫ਼ੀਸਦੀ ਝੁਲਸੀ ਹੋਈ, ਜਿਸ ਨੂੰ ਜੀਐੱਮਸੀਐੱਚ, ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ। ਉਸਨੇ ਆਪਣੇ ਪਤੀ ਤੇ ਹੱਤਿਆ ਦੇ ਇਰਾਦੇ ਨਾਲ ਤੇਲ ਪਾਉਣ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਆਈਪੀਸੀ 308 ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਅੰਗਰੇਜ਼ ਸਿੰਘ ਗੁਲਾਬਗੜ੍ਹ ਪੇਸ਼ੇ ਤੋਂ ਆਟੋ ਚਾਲਕ ਅਤੇ ਸੀਵਰੇਜ ਦਾ ਠੇਕੇਦਾਰ ਹੈ। ਉਸਦੀ ਪਤਨੀ ਰਾਣੀ ਦੀ ਉਮਰ ਕਰੀਬ 35 ਸਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਤੇ ਦੋ ਧੀਆਂ ਹਨ। ਪੁਲਿਸ ਨੂੰ ਦਿੱਤੇ ਬਿਆਨ 'ਚ ਰਾਣੀ ਨੇ ਦੱਸਿਆ ਕਿ ਪਤੀ ਰਾਤ ਅੱਠ ਵਜੇ ਆਇਆ ਅਤੇ ਬੱਚਿਆਂ ਨਾਲ ਟੀਵੀ ਵੇਖਣਾ ਸ਼ੁਰੂ ਕਰ ਦਿੱਤਾ।

ਉਸ ਨੂੰ ਨੀਂਦ ਆ ਰਹੀ ਸੀ ਅਤੇ ਆਪਣੇ ਕਮਰੇ 'ਚ ਜਾ ਕੇ ਸੌਂ ਗਈ। ਤਕਰੀਬਨ ਡੇਢ ਵਜੇ ਉਸ ਦਾ ਪਤੀ ਕਮਰੇ 'ਚ ਆਇਆ ਤੇ ਉਸ ਨੇ ਨਾਂ ਲੈ ਕੇ ਆਵਾਜ਼ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਉਠਦੀ ਡੋਲੂ 'ਚ ਲਿਆਂਦਾ ਗਰਮ ਤੇਲ ਉਸ ਦੇ ਮੂੰਹ 'ਤੇ ਸੁੱਟ ਦਿੱਤਾ। ਜਿਵੇਂ ਹੀ ਤੇਲ ਡਿੱਗਿਆ, ਉਸ ਦੀਆਂ ਚੀਕਾਂ ਨਿਕਲ ਗਈਆਂ। ਪਤੀ ਫ਼ਰਾਰ ਹੋ ਗਿਆ ਅਤੇ ਗੁਆਂਢੀਆਂ ਨੇ ਉਸਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਪਤਨੀ ਕੋਲ ਆਉਂਦੇ ਫੋਨ ਕਾਰਨ ਸ਼ੱਕ ਕਰਨ ਲੱਗ ਗਿਆ ਸੀ ਪਤੀ

ਮਾਮਲੇ ਦੇ ਤਫ਼ਤੀਸੀ ਅਫ਼ਸਰ ਏਐੱਸਆਈ ਮੇਵਾ ਸਿੰਘ ਨੇ ਕਿਹਾ ਕਿ ਰਾਣੀ ਦੇ ਚਿਹਰੇ, ਬਾਹਾਂ, ਬੁੱਲ੍ਹਾਂ, ਹੱਥ, ਮੋਢੇ ਅਤੇ ਛਾਤੀ 'ਤੇ ਤੇਲ ਡਿੱਗਣ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਹੈ। ਉਹ ਬੋਲਣ ਦੀ ਸਥਿਤੀ 'ਚ ਨਹੀਂ ਸੀ ਪਰ ਜ਼ੀਰਕਪੁਰ 'ਚ ਰਹਿ ਰਹੀ ਉਸਦੀ ਭੈਣ ਸੁਮਨਪ੍ਰੀਤ ਦੇ ਆਉਣ ਤੋਂ ਬਾਅਦ, ਉਸਨੇ ਆਪਣੇ ਪਤੀ ਅੰਗਰੇਜ਼ ਸਿੰਘ 'ਤੇ ਹੱਤਿਆ ਦੇ ਇਰਾਦੇ ਨਾਲ ਤੇਲ ਸੁੱਟਣ ਦਾ ਦੋਸ਼ ਲਗਾਇਆ ਹੈ।

ਸੁਮਨ ਅਤੇ ਰਾਣੀ ਇਕੋਂ ਪਰਿਵਾਰ 'ਚ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਵਿਆਹੀਆ ਹੋਈਆਂ ਹਨ। ਸੁਮਨ ਨੇ ਦੱਸਿਆ ਕਿ ਰਾਣੀ 'ਔਰਤਾਂ ਦੀ ਸਿਹਤ ਸੇਵਾਵਾਂ ਨਾਲ ਜੁੜੀ ਇਕ ਪ੍ਰਰਾਈਵੇਟ ਸਿਹਤ ਕਰਮਚਾਰੀ ਹੈ, ਜਿਸ ਨੂੰ ਫੋਨ ਆਉਂਦੇ ਰਹਿੰਦੇ ਸਨ। ਉਸ ਦੇ ਪਤੀ ਨੇ ਉਸ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਗਰਮ ਤੇਲ ਸੁੱਟਣ ਦਾ ਕਾਰਨ ਇਹ ਵੀ ਹੋ ਸਕਦਾ ਹੈ। ਹਾਲਾਂਕਿ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਫ਼ਿਲਹਾਲ ਫ਼ਰਾਰ ਹੈ। ਉਸ ਖ਼ਿਲਾਫ਼ ਪਤਨੀ ਦੇ ਬਿਆਨ ਆਈਪੀਸੀ 308 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।