* ਪੀੜਤ ਦਾ ਇਲਜ਼ਾਮ, ਹਮਲਾਵਰਾਂ ਨੇ ਹਾਈਕੋਰਟ 'ਚ ਕਿੰਨਰਾਂ ਖਿਲਾਫ਼ ਬਿਆਨਾਂ ਤੋਂ ਮੁੱਕਰਨ ਦੀ ਦਿੱਤੀ ਧਮਕੀ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪਿੰਡ ਦਾਊਂ-ਰਾਏਪੁਰ ਰੋਡ 'ਤੇ ਸ਼ੁੱਕਰਵਾਰ ਬਾਅਦ ਦੁਪਹਿਰ ਢਾਈ ਵਜੇ ਗੁਪਤ ਅੰਗ ਕੱਟਣ 'ਤੇ ਕਿੰਨਰਾਂ ਖਿਲਾਫ਼ ਗਵਾਹੀ ਦੇਣ ਵਾਲੇ ਰਜੇਸ਼ ਮਲਿਕ 'ਤੇ ਕੁਝ ਬਾਇਕ ਸਵਾਰਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਨਾਲ ਹੀ ਪੱਥਰਬਾਜ਼ੀ ਕਰ ਕੇ ਉਸ ਦੀ ਵੈਨ ਤੋੜ ਦਿੱਤੀ। ਇਸ ਘਟਨਾ ਮਗਰੋਂ ਪੀੜਤ ਨੂੰ ਸਿਵਲ ਹਸਪਤਾਲ ਖਰੜ 'ਚ ਦਾਖ਼ਲ ਕਰਵਾਇਆ ਗਿਆ ਹੈ। ਬਲੌਂਗੀ ਪੁਲਿਸ ਨੇ ਇਸ ਮਾਮਲੇ 'ਚ ਪੀੜਤ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਮਲਾ ਅਪਾਰਟਮੈਂਟ ਵਾਸੀ ਰਾਜੇਸ਼ ਮਲਿਕ ਨੇ ਦੱਸਿਆ ਕਿ ਉਹ ਆਪਨੀ ਵੈਨ ਦੀ ਰਿਪੇਅਰ ਕਰਵਾਉਣ ਲਈ ਸੰਨੀ ਇਨਕਲੇਵ 'ਚ ਇਕ ਮਕੈਨਿਕ ਕੋਲ ਗਿਆ ਸੀ। ਜਿੱਥੋਂ ਕੁਝ ਸਪੇਅਰ ਪਾਰਟ ਲੈਣ ਲਈ ਉਹ ਕਾਲ਼ਾ ਨਾਮਕ ਮਕੈਨਿਕ ਨਾਲ ਆਪਣੀ ਹੀ ਵੈਨ 'ਚ ਚੰਡੀਗੜ੍ਹ ਗਿਆ ਸੀ। ਵਾਪਸ ਆਉਂਦੇ ਸਮੇਂ ਦੁਪਹਿਰ ਕਰੀਬ ਢਾਈ ਵਜੇ ਉਕਤ ਥਾਂ 'ਤੇ ਪਹੁੰਚਿਆ ਤਾਂ ਬਾਇਕ 'ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਵੈਨ 'ਤੇ ਇੱਟਾਂ ਨਾਲ ਪੱਥਰਬਾਜ਼ੀ ਕਰ ਕੇ ਵੈਨ ਤੋੜ ਦਿੱਤੀ। ਪੀੜਤ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕਾਂ ਨੇ ਉਸ ਨੂੰ ਜਾਂਦੇ ਸਮੇਂ ਧਮਕੀ ਦਿੱਤੀ ਕਿ ਪੂਜਾ ਮਹੰਤ ਤੇ ਜੀਤ ਮਹੰਤ ਵਿਰੁੱਧ ਜੋ ਕੇਸ 'ਚ ਸਜ਼ਾ ਹੋਈ ਹੈ ਉਸ ਨੂੰ ਹਾਈਕੋਰਟ 'ਚੋਂ ਵਾਪਸ ਲੈ ਲਵੇ ਨਹੀਂ ਤਾਂ ਉਹ ਲੋਕ ਉਸ ਨੂੰ ਜਾਨੋਂ ਮਾਰ ਦੇਣਗੇ। ਉਸ ਨੇ ਦੱਸਿਆ ਕਿ ਕਰੀਬ ਦਸ ਸਾਲ ਪਹਿਲਾਂ ਉਸ ਨੂੰ ਬੇਹੋਸ਼ ਕਰਕੇ ਉਸ ਦਾ ਗੁਪਤ ਅੰਗ ਕੱਟਣ ਦੇ ਮਾਮਲੇ 'ਚ ਮੋਹਾਲੀ ਸੈਸ਼ਨ ਕੋਰਟ ਵੱਲੋਂ 23 ਸਤੰਬਰ 2019 ਨੂੰ ਮਾਮਲੇ ਦੇ ਦੋਸ਼ੀ ਪੂਜਾ ਮਹੰਤ ਨੂੰ ਚਾਰ ਸਾਲ ਤੇ ਜੀਤ ਮਹੰਤ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਮਗਰੋਂ ਪੂਜਾ ਮਹੰਤ ਪਟਿਆਲਾ ਜੇਲ੍ਹ 'ਚ ਬੰਦ ਹੈ ਜਦਕਿ ਜੀਤ ਮਹੰਤ ਨੂੰ ਜ਼ਮਾਨਤ ਮਿਲਣ ਦੇ ਬਾਅਦ ਉਹ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਰਹਿਣ ਲੱਗਾ ਹੈ।

ਉਸਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਨੂੰ ਮੋਬਾਈਲ 'ਤੇ ਧਮਕੀ ਭਰਿਆ ਫੋਨ ਵੀ ਆਇਆ ਸੀ। ਉਸਦੇ ਵੱਲੋਂ ਸਮੇਂ-ਸਮੇਂ 'ਤੇ ਪੁਲਿਸ ਨੂੰ ਮਿਲ ਰਹੀ ਧਮਕੀਆਂ ਸਬੰਧੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ। ਉਸਨੇ ਇਲਜ਼ਾਮ ਲਗਾਇਆ ਹੈ ਕਿ ਉਕਤ ਦੋਨਾਂ ਦੇ ਇਲਾਵਾ ਕੁਝ ਹੋਰ ਕਿੰਨਰ ਵੀ ਉਸ ਨੂੰ ਧਮਕਾ ਰਹੇ ਹਨ। ਜਿਨ੍ਹਾਂ ਦਾ ਨਾਂ ਇਨ੍ਹਾਂ ਹਮਲਾਵਰਾਂ ਨੇ ਵੀ ਲਿਆ ਹੈ। ਉਸ ਨੇ ਉਕਤ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੋਟਸ)---- ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਛੇਤੀ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

— ਜੁਗਰਾਜ ਸਿੰਘ, ਜਾਂਚ ਅਧਿਕਾਰੀ।