ਜੇਐੱਨਐੱਨ, ਚੰਡੀਗੜ੍ਹ/ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੀ ਹੱਤਿਆ ਤੇ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹਮਲਾ ਇਕ ਅੰਤਰਰਾਜੀ ਗਿਰੋਹ ਨੇ ਕੀਤਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਸਰੇ ਪਾਸੇ ਰੈਨਾ ਅੱਜ ਥਰਿਆਲ ਪਿੰਡ ਆਪਣੇ ਫੁੱਫੜ ਦੇ ਘਰ ਪਹੁੰਚੇ। ਉਨ੍ਹਾਂ ਫੁੱਫੜ ਦੇ ਪਰਿਵਾਰ 'ਤੇ ਹੋਏ ਹਮਲੇ ਬਾਰੇ ਜਾਣਕਾਰੀ ਲਈ। ਇਸ ਮੌਕੇ ਰੈਨਾ ਦੇ ਨਾਲ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਸਨ।

ਦੱਸ ਦੇਈਏ ਕਿ 19 ਅਗਸਤ ਨੂੰ ਲੁੱਟ ਤੇ ਹਮਲੇ ਦੀ ਵਾਰਦਾਤ 'ਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਤੇ ਫੁਫੇਰੇ ਭਰਾ ਕੌਸ਼ਲ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਭੂਆ ਆਸ਼ਾ ਰਾਣੀ ਨਿੱਜੀ ਹਸਪਤਾਲ 'ਚ ਕੋਮਾ 'ਚ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰੈਨਾ ਦੇ ਫੁੱਫੜ ਦੇ ਪਰਿਵਾਰ 'ਤੇ ਹੋਏ ਹਮਲੇ ਦੀ ਗੁੱਥੀ ਸੁਲਝਾ ਲਈ ਗਈ ਹੈ।

ਪਠਾਨਕੋਟ ਪਹੁੰਚੇ ਰੈਨਾ ਨੇ ਫੁੱਫੜ ਦੇ ਛੋਟੇ ਬੇਟੇ ਨੂੰ ਮਿਲ ਕੇ ਹਾਲ-ਚਾਲ ਪੁੱਛਿਆ। ਮਾਮਲੇ 'ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਐੱਸਐੱਸਪੀ ਪਠਾਨਕੋਟ ਨੂੰ ਵੀ ਮਿਲ ਸਕਦੇ ਹਨ। ਰੈਨਾ ਦੇ ਦੌਰੇ ਸਬੰਧੀ ਪੁਲਿਸ ਨੇ ਥਰਿਆਲ ਪਿੰਡ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਰੈਨਾ ਨਾਲ ਉਨ੍ਹਾਂ ਦੇ ਭਰਾ ਦਿਨੇਸ਼, ਭਾਬੀ ਤੇ ਮਾਮੀ ਵੀ ਹਨ। ਰੈਨਾ ਨੇ ਘਰ 'ਚ ਭੂਆ ਦੇ ਪੁੱਤਰ ਅਪਿਨ ਕੁਮਾਰ ਤੇ ਉਸ ਦੀ ਸੱਸ ਸੱਤਿਆ ਦੇਵੀ ਨਾਲ ਗੱਲਬਾਤ ਕੀਤੀ।

50 ਮਿੰਟ ਫੁੱਫੜ ਦੇ ਘਰ ਰੁਕਣ ਤੋਂ ਬਾਅਦ ਸੁਰੇਸ਼ ਰੈਨਾ ਭੂਆ ਦਾ ਹਾਲ ਜਾਣਨ ਹਸਪਤਾਲ ਪਹੁੰਚੇ

ਸੁਰੇਸ਼ ਰੈਨਾ ਨੇ ਘਰ 'ਚ ਫੁੱਫੜ ਦੇ ਬੇਟੇ ਤੇ ਬੇਟੀ ਨੂੰ ਹੌਸਲਾ ਦਿੱਤਾ। ਉਨ੍ਹਾਂ ਦੋਵਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸੀਬਤ ਵਾਲੇ ਸਮੇਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ ਤੇ ਜਲਦੀ ਹੀ ਪਰਿਵਾਰ ਇਸ ਹਾਦਸੇ ਤੋਂ ਉੱਭਰੇਗਾ। ਕ੍ਰਿਕਟਰ ਸੁਰੇਸ਼ ਰੈਨਾ ਕਰੀਬ 11 ਵਜੇ ਥਰਿਆਲ ਪੁੱਜੇ ਤੇ ਭੂਆ ਦੀ ਬੇਟੀ ਕੋਮਲ ਤੇ ਬੇਟੇ ਅਪਿਨ ਕੁਮਾਰ ਨਾਲ ਗੱਲਬਾਤ ਕੀਤੀ। ਬੰਦ ਕਮਰੇ 'ਚ ਪਰਿਵਾਰ ਵਾਲਿਆਂ ਤੋਂ ਘਟਨਾ ਦੀ ਜਾਣਕਾਰੀ ਲਈ ਤੇ ਹਰ ਸੰਭਵ ਸਹਿਯੋਗ ਦੀ ਗੱਲ ਕਹੀ। ਉਹ ਕਰੀਬ 50 ਮਿੰਟ ਘਰ ਅੰਦਰ ਰੁਕੇ ਤੇ ਇਸ ਤੋਂ ਬਾਅਦ ਭੂਆ ਦਾ ਹਾਲ-ਚਾਲ ਜਾਣਨ ਹਸਪਤਾਲ ਪੁਹੰਚੇ।

ਰੈਨਾ ਪਠਾਨਕੋਟ ਦੇ ਰਾਜ ਹਸਪਤਾਲ 'ਚ ਭੂਆ ਆਸ਼ਾ ਦੇਵੀ ਦਾ ਹਾਲ-ਚਾਲ ਜਾਣਨ ਪਹੁੰਚੇ ਤੇ ਡਾਕਟਰਾਂ ਤੋਂ ਉਨ੍ਹਾਂ ਦੀ ਮੌਜੂਦਾ ਹਾਲਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਡਾਕਟਰਾਂ ਨੂੰ ਇਲਾਜ 'ਚ ਹਰ ਸੰਭਵ ਕਦਮ ਉਠਾਉਣ ਦੀ ਅਪੀਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਰੈਨਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਮੁੱਖ ਮੰਤਰੀ ਨੇ ਉਨ੍ਹਾਂ ਦੀ ਅਪੀਲ ਤੋਂ ਬਾਅਦ ਐੱਸਆਈਟੀ ਗਠਿਤ ਕੀਤੀ ਤੇ ਮੁਲਜ਼ਮਾਂ ਤਕ ਪਹੁੰਚ ਕੀਤੀ। ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪੀੜਤ ਪਰਿਵਾਰ ਦੀ ਮਦਦ ਕਰੇ ਜਿਸ ਨਾਲ ਉਹ ਹਾਦਸੇ ਤੋਂ ਉੱਭਰ ਸਕਣ।

ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰਕ ਮੈਂਬਰਾਾਂ 'ਤੇ ਹਮਲਾ ਤੇ ਹੱਤਿਆ ਦੇ ਮਾਮਲੇ ਨੂੰ ਅੰਤਰ-ਰਾਜੀ ਗਿਰੋਹ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ਦਾ ਖੁਲਾਸਾ ਗਿਰੋਹ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ 11 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੰਜਾਬ ਦੇ

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ 19 ਅਗਸਤ ਦੀ ਰਾਤ ਨੂੰ ਜ਼ਿਲ੍ਹਾ ਪਠਾਨਕੋਟ ਨੇੜੇ ਸ਼ਾਹਪੁਰਕੰਡੀ ਦੇ ਥਰਿਆਲ ਪਿੰਡ 'ਚ ਹੋਏ ਹਮਲੇ ਦੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ 19 ਅਗਸਤ ਦੀ ਰਾਤ ਪਠਾਨਕੋਟ ਦੇ ਥਰਿਆਲ ਪਿੰਡ 'ਚ ਲੁਟੇਰਿਆਂ ਨੇ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੇ ਬੇਟੇ ਕੌਸ਼ਲ ਕੁਮਾਰ ਨੇ ਵੀ 31 ਅਗਸਤ ਨੂੰ ਦਮ ਤੋੜ ਦਿੱਤਾ ਸੀ। ਅਸ਼ੋਕ ਕੁਮਾਰ ਦੀ ਪਤਨੀ ਯਾਨੀ ਰੈਨਾ ਦੀ ਭੂਆ ਆਸ਼ਾ ਰਾਣੀ ਦੀ ਹਾਲਤ ਗੰਭੀਰ ਹੈ। ਦੋ ਹੋਰ ਜ਼ਖ਼ਮੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ 'ਚ ਐੱਸਆਈਟੀ ਦਾ ਗਠਨ ਕੀਤਾ ਸੀ।

ਬੇਟੀ ਨੇ ਕਿਹਾ ਇਹ ਮਰਡਰ ਹੈ, ਲੁੱਟ-ਖੋਹ ਦਾ ਐਂਗਲ ਭਟਕਾਉਣ ਵਾਲਾ

ਥਰਿਆਲ 'ਚ ਲੁੱਟ ਅਤੇ ਹੱਤਿਆ ਦੀ ਵਾਰਦਾਤ ਨੂੰ ਕ੍ਰੈਕ ਕਰਨ ਤੋਂ ਬਾਅਦ ਪਰਿਵਾਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੀ ਧੀ ਕੋਮਲ ਤੇ ਉਸ ਦੇ ਪਤੀ ਨੇ ਕਿਹਾ ਹੈ ਕਿ ਇਹ ਮਰਡਰ ਹੈ ਤੇ ਇਸ ਨੂੰ ਲੁੱਟ-ਖੋਹ ਦਾ ਰੂਪ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਉਨ੍ਹਾਂ ਨੂੰ ਇਸੇ ਗੱਲ ਦਾ ਖਦਸ਼ਾ ਹੈ ਕਿ ਇਸ ਕੇਸ ਨੂੰ ਲੁੱਟ-ਖੋਹ ਦਾ ਮਾਮਲਾ ਦੱਸ ਕੇ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋਚੀ-ਸਮਝੀ ਸਾਜ਼ਿਸ਼ ਤਹਿਤ ਪਰਿਵਾਰ 'ਤੇ ਹਮਲਾ ਹੋਇਆ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਮਾਰਿਆ ਗਿਆ। ਉਮੀਦ ਹੈ ਕਿ ਪੁਲਿਸ ਇਸ ਗੱਲ ਦੀ ਸਚਾਈ ਨੂੰ ਵੀ ਸਾਹਮਣੇ ਲਿਆਵੇਗੀ।

Posted By: Seema Anand