* ਇਹ ਹੈ ਮਾਮਲਾ

-ਮਾਮਲਾ ਗੁੰਡਾ ਟੈਕਸ ਵਸੂਲਣ ਦੀ ਲੜਾਈ ਦਾ

-ਸੀਬੀਆਈ ਜਾਂਚ ਕਰਵਾਉਣ ਨਾਲ ਖੁਲ੍ਹਣਗੇ ਰਾਜ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ:

ਡੇਰਾਬੱਸੀ ਹਲਕੇ ਦੇ ਕਰੈਸ਼ਰ ਮਾਲਕਾਂ ਤੇ ਰਾਇਲਟੀ ਦੇ ਨਾਂ ਤੇ ਗੁੰਡਾ ਟੈਕਸ ਵਸੂਲਣ ਵਾਲੇ ਮਾਈਨਿੰਗ ਠੇਕੇਦਾਰਾਂ ਵਿਚਕਾਰ ਲੜਾਈ ਵੱਧਦੀ ਜਾ ਰਹੀ ਹੈ। ਮੁਬਾਰਕਪੁਰ ਕਰੈਸ਼ਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਮਾਈਨਿੰਗ ਠੇਕੇਦਾਰਾਂ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਠੇਕੇਦਾਰਾਂ ਨੇ ਗੁੰਡਾ ਟੈਕਸ ਨੂੰ ਰਾਇਲਟੀ ਵਸੂਲਣਾ ਦੱਸਦੇ ਹੋਏ ਇਕ ਤਰ੍ਹਾਂ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਸ ਤੋਂ ਪਹਿਲਾ ਮਾਈਨਿੰਗ ਠੇਕੇਦਾਰਾਂ ਨੇ ਮੋਹਾਲੀ ਵਿਚ ਪ੍ਰਰੈੱਸ ਕਾਨਫਰੰਸ ਦੌਰਾਨ ਕਰੈਸ਼ਰ ਯੂਨੀਅਨ 'ਤੇ ਸਰਕਾਰ ਨੂੰ ਚੂਨਾ ਲਾਉਣ ਦੇ ਦੋਸ਼ ਲਾਉਂਦੇ ਹੋਏ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

ਮੁਬਾਰਕਪੁਰ ਕਰੈਸ਼ਰ ਯੂਨੀਅਨ ਨੇ ਪ੍ਰਰੈੱਸ ਨੋਟ ਜਾਰੀ ਕਰਦਿਆ ਮਾਈਨਿੰਗ ਠੇਕੇਦਾਰਾਂ ਵੱਲੋਂ ਕਰੈਸ਼ਰ ਮਾਲਕਾਂ ਦੀ ਸੀਬੀਆਈ ਜਾਂਚ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰਦਿਆ ਮੰਗ ਕੀਤੀ। ਉਨ੍ਹਾਂ ਕਿਹਾ ਛੱਤਬੀੜ ਚਿੜੀਆਘਰ ਨਾਲ ਲੱਗਦੀ ਜੰਗਲਾਤ ਜ਼ਮੀਨ ਵਿਚ ਜੋ ਪੋਕਲੇਨ ਮਸ਼ੀਨ ਫੜੀ ਗਈ ਹੈ ਉਸ ਦਾ ਇੰਜਣ ਸੀਜ਼ ਹੋਣ ਕਾਰਨ ਨੋਇਡਾ ਭੇਜਿਆ ਗਿਆ ਹੈ ਉਹ 16 ਅਕਤੂਬਰ ਤੋਂ ਪਹਿਲਾਂ ਇੱਥੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੀ ਸੀ ਕਿਉਂਕਿ ਉੱਥੇ ਕੋਈ ਖੱਡ ਦਾ ਨਿਲਾਮੀ ਨਹੀਂ ਹੋਈ ਹੈ, ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ।

ਕਰੈਸ਼ਰ ਐਸੋਸੀਏਸ਼ਨ ਨੇ ਕਿਹਾ ਕਿ ਉਹ ਆਰਟੀਆਈ ਪਾ ਕੇ ਪਤਾ ਲਾ ਰਹੇ ਹਨ ਕਿ ਡੇਢ ਦੋ ਸਾਲ ਪਹਿਲਾਂ ਇਨ੍ਹਾਂ ਠੇਕੇਦਾਰਾਂ ਨੇ ਮੁਬਾਰਕਪੁਰ ਅਤੇ ਸੁੰਡਰਾਂ ਆਦਿ ਤੇ ਨਾਜਾਇਜ਼ ਮਾਈਨਿੰਗ ਕਰ ਕੇ ਕੁਝ ਮਹੀਨੇ ਪੈਸੇ ਇਕੱਠੇ ਕਰ ਕੇ ਇਹ ਇਹ ਆਖ ਕੇ ਇਸ ਦਾ ਠੇਕਾ ਸਰੰਡਰ ਕਰ ਦਿੱਤਾ ਕਿ ਇਸ ਵਿਚ ਹੁਣ ਕੋਈ ਮਾਲ ਨਹੀਂ ਹੈ। ਜਿਸ ਕਰ ਕੇ ਇਨ੍ਹਾਂ ਖੱਡਾਂ ਦੀ ਨਿਲਾਮੀ ਨਹੀਂ ਹੋਈ ਹੈ। ਐਸੋਸੀਏਸ਼ਨ ਪਹਿਲਾਂ ਹੀ ਪੱਤਰ ਦੇ ਜ਼ਰੀਏ ਡਿਪਟੀ ਕਮਿਸ਼ਨਰ ਤੋਂ ਮੰਗ ਕਰ ਚੁੱਕੀ ਹੈ। ਕਰੈਸ਼ਰ ਮਾਲਕ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ ਜੇਕਰ ਪ੍ਰਰਾਈਵੇਟ ਠੇਕੇਦਾਰ ਜਬਰੀ ਟੈਕਸ ਨਹੀਂ ਵਸੂਲ ਕਰ ਰਹੇ ਤਾਂ ਉਨ੍ਹਾਂ ਦੇ ਕਰਿੰਦੇ ਕਰੈਸ਼ਰ ਮਾਲਕਾਂ ਜਾਂ ਪੱਤਰਕਾਰਾਂ ਨੂੰ ਵੇਖ ਕੇ ਭੱਜ ਕਿਉਂ ਜਾਂਦੇ ਹਨ ਇਸ ਤੋਂ ਇਲਾਵਾ ਕਰੈਸਰ ਵਾਲੇ ਇਸ ਪੂਰੇ ਮਾਮਲੇ ਦੀ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕਰਦੇ ਹਨ।

ਐਸੋਸੀਏਸ਼ਨ ਨੇ ਕਿਹਾ ਕਿ ਖੁਦ ਨੂੰ ਮਾਈਨਿੰਗ ਠੇਕੇਦਾਰ ਦੱਸਣ ਵਾਲੇ ਜੰਮੂ ਵਾਸੀ ਰਾਕੇਸ਼ ਚੌਧਰੀ, ਗੰਗਾ ਨਗਰ ਵਾਸੀ ਅਸ਼ੋਕ ਚਾਂਡਕ, ਦੀਪਕ ਸਿੰਘ ਮੋਗਾ, ਸਨੀ ਵਾਲੀਆ, ਰਾਜੀਵ ਜਾਖੜ ਅਤੇ ਮੁਕੁਲ ਗਰਗ ਨੇ ਜਬਰੀ ਟੈਕਸ ਨੂੰ ਰਾਇਲਟੀ ਵਸੂਲਣ ਦੱਸਦੇ ਹੋਏ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸਰਕਾਰ ਦੀ ਸ਼ਹਿ ਤੇ ਮਾਈਨਿੰਗ ਮਹਿਕਮਾ ਤੇ ਪੁਲਿਸ ਕਰੈਸ਼ਰਾਂ ਨੂੰ ਸੀਲ ਕਰਨ, ਵਾਹਨਾਂ ਨੂੰ ਨਾਕੇ ਲਾ ਕੇ ਰੋਕਣ ਅਤੇ ਕਰੈਸ਼ਰ ਮਾਲਕਾਂ ਤੇ ਮਾਮਲੇ ਦਰਜ ਕਰਨ ਵਰਗੇ ਗ਼ਲਤ ਤਰੀਕੇ ਅਪਣਾ ਕੇ ਰਾਇਲਟੀ ਦੇ ਨਾਂ 'ਤੇ ਜਬਰੀ ਟੈਕਸ ਵਸੂਲ ਹੋ ਰਿਹਾ ਹੈ ਜਦੋਂ ਕਿ ਇਨ੍ਹਾਂ ਦੇ ਕੋਲ ਨਾ ਤਾਂ ਕੋਈ ਇੱਥੇ ਖੱਡ ਦੀ ਅਲਾਟਮੈਂਟ ਹੈ ਅਤੇ ਨਾ ਹੀ ਉੱਥੇ ਕਰੈਸ਼ਰਾਂ ਨੂੰ ਦੇਣ ਦੇ ਲਈ ਕੱਚੇ ਮਾਲ ਦੇ ਤੌਰ ਤੇ ਇਕ ਵੀ ਗਟਕਾ ਪੱਥਰ ਉਪਲੱਬਧ ਹੈ। ਜਦੋਂ ਕਿ ਸਾਰਾ ਕੱਚਾ ਮਾਲ ਹਰਿਆਣਾ ਤੋਂ ਬਕਾਇਦਾ ਜੀਐੱਸਟੀ ਅਤੇ ਰਾਇਲਟੀ ਅਦਾ ਕਰਨ ਤੋਂ ਬਾਅਦ ਪੰਜਾਬ ਪਹੁੰਚ ਰਿਹਾ ਹੈ। ਕਰੈਸ਼ਰ ਐਸੋਸੀਏਸ਼ਨ ਮਾਈਨਿੰਗ ਠੇਕੇਦਾਰਾਂ ਵੱਲੋਂ ਲਾਏ ਹਰ ਦੋਸ਼ ਦੇ ਨਿਰਪੱਖ ਜਾਂਚ ਦੀ ਮੰਗ ਕਰਦੀ ਹੈ ਤਾਂ ਕਿ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ।