ਜੇਐੱਨਐੱਨ, ਚੰਡੀਗੜ੍ਹ : ਰਿਸ਼ਵਤ ਮਾਮਲੇ 'ਚ ਮੁਲਜ਼ਮ ਪੰਜਾਬ ਪੁਲਿਸ ਦੀ ਡੀਐੱਸਪੀ ਰਾਕਾ ਗੇਰਾ ਦੀ ਅਰਜ਼ੀ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਕਾ ਗੇਰਾ ਨੇ ਆਪਣੀ ਅਰਜ਼ੀ 'ਚ ਵਿਦੇਸ਼ ਜਾਣ ਲਈ ਇਜਾਜ਼ਤ ਮੰਗੀ ਸੀ। ਆਪਣੀ ਅਰਜ਼ੀ 'ਚ ਉਸ ਨੇ ਦੱਸਿਆ ਸੀ ਕਿ ਉਸ ਦੀ ਵੱਡੀ ਭੈਣ ਦੀ ਬੇਟੀ ਦੁਬਈ ਰਹਿੰਦੀ ਹੈ। ਉਨ੍ਹਾਂ ਨੂੰ ਮਿਲਣ ਲਈ ਉਹ 24 ਦਸੰਬਰ ਤੋਂ ਦੋ ਜਨਵਰੀ ਤਕ ਦੁਬਈ ਜਾਣਾ ਚਾਹੁੰਦੀ ਹੈ।

ਮੰਗਲਵਾਰ ਨੂੰ ਕੋਰਟ ਨੇ ਰਾਕਾ ਗੇਰਾ ਦੀ ਅਰਜ਼ੀ ਮਨਜੂਰ ਕਰਦੇ ਹੋਏ ਕਿਹਾ ਕਿ ਉਹ 15 ਲੱਖ ਰੁਪਏ ਦੇ ਬੇਲ ਬਾਂਡ ਭਰ ਕੇ ਜਾਣ। ਉਥੇ ਇਹ ਵੀ ਕਿਹਾ ਗਿਆ ਹੈ ਕਿ ਦੁਬਈ 'ਚ ਜਿਥੇ ਉਹ ਆਪਣੀ ਭੈਣ ਦੀ ਬੇਟੀ ਕੋਲ ਰਹਿਣ ਵਾਲੀ ਹੈ ਉਸ ਦਾ ਪਤਾ ਵੀ ਦੇ ਕੇ ਜਾਵੇ।

ਜ਼ਿਕਰਯੋਗ ਹੈ ਕਿ 25 ਜੁਲਾਈ 2011 ਨੂੰ ਮੋਹਾਲੀ ਸਥਿਤ ਮੁੱਲਾਂਪੁਰ ਦੇ ਬਿਲਡਰ ਕੇਕੇ ਮਲਹੋਤਰਾ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੋਹਾਲੀ 'ਚ ਤਾਇਨਾਤ ਡੀਐੱਸਪੀ ਰਾਕਾ ਗੇਰਾ ਉਸ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਦੇ ਰਹੀ ਹੈ ਤੇ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕਰ ਰਹੀ ਹੈ।

ਮਲਹੋਤਰਾ 'ਤੇ ਜ਼ਮੀਨ ਐਕਵਾਇਰ ਐਕਟ ਤਹਿਤ ਦੋ ਕੇਸ ਦਰਜ ਸਨ, ਜਿਸ 'ਚ ਉਸ ਨੂੰ ਕਥਿਤ ਤੌਰ 'ਤੇ ਰਾਹਤ ਦੇਣ ਲਈ ਰਾਕਾ ਗੇਰਾ ਨੇ ਉਸ ਕੋਲੋਂ ਦੋ ਲੱਖ ਰੁਪਏ ਮੰਗੇ ਸਨ। ਮਲਹੋਤਰਾ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕੀਤੀ ਸੀ। ਸੀਬੀਆਈ ਨੇ ਉਸ ਨੂੰ ਦੋ ਲੱਖ 'ਚੋਂ ਇਕ ਲੱਖ ਰੁਪਏ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਸੀ।