ਅਦਾਲਤ ਵੱਲੋਂ ਜ਼ੋਮੈਟੋ ਡਿਲੀਵਰੀ ਬੁਆਏ ਮੌਤ ਮਾਮਲੇ 'ਚ ਟਰਾਇਲ ਮੁੜ ਚਲਾਉਣ ਦੇ ਹੁਕਮ
ਅਦਾਲਤ ਵੱਲੋਂ ਜ਼ੋਮੈਟੋ ਡਿਲੀਵਰੀ ਬੁਆਏ ਮੌਤ ਮਾਮਲੇ 'ਚ ਟਰਾਇਲ ਮੁੜ ਚਲਾਉਣ ਦੇ ਹੁਕਮ
Publish Date: Wed, 12 Nov 2025 07:56 PM (IST)
Updated Date: Wed, 12 Nov 2025 07:58 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-2 ਦੀ ਅਦਾਲਤ ਨੇ ਇਕ ਸੜਕ ਹਾਦਸੇ ਵਿਚ ਮੌਤ (ਧਾਰਾ 279, 304-A, 427 ਆਈਪੀਸੀ) ਦੇ ਮਾਮਲੇ ਵਿਚ ਸੁਣਾਏ ਗਏ ਬਰੀ ਦੇ ਫ਼ੈਸਲੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਦਾਇਰ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਕੇਸ ਨੂੰ ਮੁੜ ਸੁਣਵਾਈ ਲਈ ਟਰਾਇਲ ਕੋਰਟ ਨੂੰ ਭੇਜਣ ਦਾ ਹੁਕਮ ਦਿੱਤਾ ਹੈ, ਤਾਂ ਜੋ ਬਾਕੀ ਰਹਿੰਦੇ ਸੱਤ ਗਵਾਹਾਂ ਦੀ ਗਵਾਹੀ ਰਿਕਾਰਡ ਕੀਤੀ ਜਾ ਸਕੇ। ਦੋ ਮੁੱਖ ਗਵਾਹ ਹੋ ਗਏ ਸਨ ਵਿਰੋਧੀ ਇਹ ਮਾਮਲਾ ਐੱਫਆਈਆਰ ਨੰ. 117 ਮਿਤੀ 17 ਸਤੰਬਰ 2019, ਥਾਣਾ ਫੇਜ਼-8, ਮੁਹਾਲੀ ਨਾਲ ਸਬੰਧਤ ਹੈ, ਜਿਸ ਵਿਚ ਜ਼ੋਮੈਟੋ ਦੇ ਡਿਲੀਵਰੀ ਬੁਆਏ ਹਰਜੀਤ ਸਿੰਘ ਦੀ ਪੀਸੀਏ ਸਟੇਡੀਅਮ ਨੇੜੇ ਇਕ ਤੇਜ਼ ਰਫ਼ਤਾਰ ਪਜੇਰੋ (ਰਜਿਸਟਰੇਸ਼ਨ ਨੰ. ਸੀਐੱਚ-01-ਏਐੱਲ-9356) ਦੀ ਟੱਕਰ ਕਾਰਨ ਮੌਤ ਹੋ ਗਈ ਸੀ। ਟਰਾਇਲ ਕੋਰਟ (ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ) ਨੇ 14 ਅਗਸਤ 2023 ਨੂੰ ਮੁਲਜ਼ਮ ਪਵਨਦੀਪ ਸਿੰਘ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਕੇਸ ਦੇ ਦੋ ਮੁੱਖ ਚਸ਼ਮਦੀਦ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ ਸਨ ਅਤੇ ਵਿਰੋਧੀ ਹੋ ਗਏ ਸਨ। ਅਦਾਲਤ ਨੇ ਜਲਦਬਾਜ਼ੀ ਵਿਚ ਫ਼ੈਸਲਾ ਸੁਣਾਉਣ ਤੇ ਜਤਾਇਆ ਰੋਸ ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਹਰਦੀਪ ਸਿੰਘ ਨੇ ਅਪੀਲ ਦਾਇਰ ਕਰਦਿਆਂ ਕਿਹਾ ਕਿ ਟਰਾਇਲ ਕੋਰਟ ਨੇ ਜਲਦਬਾਜ਼ੀ ਵਿਚ ਕਾਰਵਾਈ ਕਰਦੇ ਹੋਏ ਪ੍ਰੋਸੀਕਿਊਸ਼ਨ ਦੇ ਸਬੂਤ ਨੂੰ ਬੰਦ ਕਰ ਦਿੱਤਾ, ਜਦੋਂ ਕਿ ਸੱਤ ਹੋਰ ਚਸ਼ਮਦੀਦ ਗਵਾਹ (ਪ੍ਰਭਪ੍ਰੀਤ ਸਿੰਘ, ਪਰਮਿੰਦਰ ਸਿੰਘ, ਸੰਨੀ ਕੁਮਾਰ, ਆਦਿ) ਬਾਕੀ ਸਨ। ਸੈਸ਼ਨਜ਼ ਕੋਰਟ ਨੇ ਫ਼ੈਸਲੇ ਵਿਚ ਕਿਹਾ ਕਿ ਦੋ ਗਵਾਹਾਂ ਦੇ ਵਿਰੋਧੀ ਹੋਣ ਤੇ ਬਾਕੀ ਗਵਾਹਾਂ ਦੀ ਗਵਾਹੀ ਰਿਕਾਰਡ ਨਾ ਕਰਨਾ ਕਾਨੂੰਨੀ ਤੌਰ ਤੇ ਗ਼ਲਤ ਹੈ ਅਤੇ ਇਹ ਪ੍ਰੋਸੀਕਿਊਸ਼ਨ ਨੂੰ ਆਪਣਾ ਕੇਸ ਸਾਬਤ ਕਰਨ ਦਾ ਮੌਕਾ ਦੇਣ ਤੋਂ ਇਨਕਾਰ ਕਰਨਾ ਹੈ। ਅਦਾਲਤ ਨੇ ਟਰਾਇਲ ਕੋਰਟ ਦੀ ਕਾਰਵਾਈ ਨੂੰ ਬੇਲੋੜੀ ਜਲਦਬਾਜ਼ੀ ਅਤੇ ਗ਼ਲਤ ਪ੍ਰਕਿਰਿਆ ਕਰਾਰ ਦਿੱਤਾ। ਕੇਸ ਮੁੜ ਟਰਾਇਲ ਕੋਰਟ ਨੂੰ ਭੇਜਿਆ ਅਦਾਲਤ ਨੇ ਨਿਆਂ ਦੇ ਹਿੱਤ ਵਿਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਕੇਸ ਨੂੰ ਹੁਣ ਮੁੜ ਟਰਾਇਲ ਕੋਰਟ ਨੂੰ ਭੇਜਿਆ ਗਿਆ ਹੈ, ਜਿੱਥੇ ਇਸ ਮਾਮਲੇ ਨੂੰ ਮੁੜ ਤੋਂ ਸੁਣਿਆ ਜਾਵੇਗਾ ਅਤੇ ਬਾਕੀ ਬਚੇ ਸੱਤ ਗਵਾਹਾਂ ਦੀ ਗਵਾਹੀ ਰਿਕਾਰਡ ਕਰਨ ਲਈ ਪ੍ਰੋਸੀਕਿਊਸ਼ਨ ਨੂੰ ਚਾਰ ਪ੍ਰਭਾਵਸ਼ਾਲੀ ਮੌਕੇ ਦਿੱਤੇ ਜਾਣਗੇ।