ਜੇਐੱਨਐੱਨ, ਮੋਹਾਲੀ : ਕੋਲਕਾਤਾ ਵਿਚ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਮੁਕਾਬਲੇ ਵਿਚ ਮਾਰੇ ਗਏ ਸੂਬੇ ਦੇ ਇਨਾਮੀ ਗੈਂਗਸਟਰ ਜਸਪ੍ਰੀਤ ਜੱਸੀ ਦੀ ਵਿਧਵਾ ਲਵਪ੍ਰੀਤ ਕੌਰ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਮਾਂ ਸੁਰਿੰਦਰ ਕੌਰ ਨੇ 7 ਜੂਨ ਨੂੰ ਧੀ ਦੀ ਜ਼ਮਾਨਤ ਲਈ ਮੋਹਾਲੀ ਅਦਾਲਤ ਵਿਚ ਪਟੀਸ਼ਨ ਪਾਈ ਸੀ।

ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ। ਲਵਪ੍ਰੀਤ ਦੀ ਤਰਫੋਂ ਮੁਕੱਦਮੇ ਦੀ ਪੈਰਵੀ ਉਨ੍ਹਾਂ ਦੇ ਵਕੀਲ ਜੀਪੀਐੱਸ ਘੁੰਮਣ ਕਰ ਰਹੇ ਸਨ। ਕਈ ਘੰਟਿਆਂ ਦੀ ਲੰਮੀ ਬਹਿਸ ਮਗਰੋਂ ਅਦਾਲਤ ਨੇ ਪਟੀਸ਼ਨਕਰਤਾ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ।

ਵਕੀਲ ਘੁੰਮਣ ਨੇ ਅਦਾਲਤ ਵਿਚ ਦੱਸਿਆ ਕਿ ਉਸ ਦੀ ਮੁਵੱਕਲ ਨੂੰ ਮੋਹਾਲੀ ਵਿਚ ਦਰਜ ਹੋਈ ਐੱਫਆਈਆਰ ਨੰਬਰ-4 ਜਿਸ ਵਿਚ ਮਰਹੂਮ ਜੱਸੀ ਮੁਲਜ਼ਮ ਸੀ, ਨਾਲ ਸਬੰਧਤ ਮਾਮਲੇ ਵਿਚ 15 ਮਈ ਨੂੰ ਰਾਉਂਡਅੱਪ ਕੀਤਾ ਗਿਆ ਸੀ। ਤਿੰਨ ਦਿਨਾਂ ਤਕ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ ਤੇ ਕਾਨੂੰਨੀ ਤੌਰ 'ਤੇ 19 ਮਈ ਨੂੰ ਉਸ ਦੀ ਗਿ੍ਫ਼ਤਾਰੀ ਵਿਖਾਈ ਗਈ ਸੀ। ਵਕੀਲ ਨੇ ਦਲੀਲ ਦਿੱਤੀ ਕਿ ਉਸ ਦੀ ਮੁਵੱਕਲ ਨੂੰ ਜਿਸ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ, ਉਹ ਸਾਰੀਆਂ ਧਾਰਾਵਾਂ ਕਾਬਿਲੇ ਜ਼ਮਾਨਤ ਸਨ।

ਜ਼ਮਾਨਤਯੋਗ ਧਾਰਾਵਾਂ ਵਿਚ ਕਿਸੇ ਨੂੰ ਵੀ ਨਾਜਾਇਜ਼ ਹਿਰਾਸਤ ਵਿਚ ਨਹੀਂ ਰੱਖਿਆ ਜਾ ਸਕਦਾ ਹੁੰਦਾ। ਲਵਪ੍ਰੀਤ ਨੂੰ ਘਰੋਂ ਲੈ ਕੇ ਆਉਣ ਸਬੰਧੀ ਸੀਸੀਟੀਵੀ ਫੁਟੇਜ ਵੀ ਅਦਾਲਤ ਵਿਚ ਪੇਸ਼ ਕੀਤੀ ਗਈ। ਦੂਜੇ ਪਾਸੇ ਪੁਲਿਸ ਨੇ ਮੁਲਜ਼ਿਮਾ ਦੀ ਗਿ੍ਫ਼ਤਾਰੀ ਨੂੰ ਸਹੀ ਸਾਬਿਤ ਕਰਨ ਲਈ ਉਸ 'ਤੇ ਦਰਜ ਮਾਮਲੇ ਵਿਚ ਧਾਰਾ 420 ਜੋੜ ਦਿੱਤੀ, ਇਸ ਮਾਮਲੇ ਵਿਚ ਪ੍ਰਤਾਪ ਰੰਧਾਵਾ ਨੇ ਸ਼ਿਕਾਇਤ ਕੀਤੀ ਸੀ।