ਜੇਐੱਨਐੱਨ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਕੁੱਟਮਾਰ ਮਾਮਲੇ 'ਚ ਪਤੀ-ਪਤਨੀ ਨੂੰ ਬਰੀ ਕਰ ਦਿੱਤਾ ਹੈ। ਦੋਵਾਂ ਦੀ ਪਛਾਣ ਪਲਸੋਰਾ ਵਾਸੀ ਵਿਜੇ ਕੁਮਾਰ ਤੇ ਸੁਨੀਤਾ ਵਜੋਂ ਹੋਈ। ਬਚਾਅ ਪੱਖ ਨੇ ਦੱਸਿਆ ਕਿ ਪੁਲਿਸ ਮਾਮਲੇ ਨੂੰ ਅਦਾਲਤ 'ਚ ਸਾਬਤ ਨਹੀਂ ਕਰ ਪਾਈ, ਜਿਸ ਕਾਰਨ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ। ਪੁਲਿਸ ਨੇ ਉਕਤ ਦੋਵਾਂ ਖ਼ਿਲਾਫ਼ ਗੈਰ ਇਰਾਦਾਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ, ਪਰ ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ ਇਸ ਧਾਰਾ ਨੂੰ ਆਈਪੀਸੀ ਦੀ ਧਾਰਾ-323 (ਜਾਣ-ਬੁਝ ਕੇ ਸੱਟ ਪਹੁੰਚਾਉਣਾ) 'ਚ ਬਦਲ ਦਿੱਤਾ ਸੀ। ਅਦਾਲਤ 'ਚ ਕੁੱਟਮਾਰ ਦਾ ਵੀਡੀਓ ਵੀ ਚਲਾਇਆ ਗਿਆ, ਜਿਸ ਮਗਰੋਂ ਦੋਵੇਂ ਪਤੀ-ਪਤਨੀ ਨੂੰ ਬਰੀ ਕਰ ਦਿੱਤਾ ਗਿਆ।

ਦਰਜ ਮਾਮਲੇ ਮੁਤਾਬਕ 6 ਜਨਵਰੀ 2015 ਨੂੰ ਪਲਸੋਰਾ ਵਾਸੀ ਬਲਜੀਤ ਸਿੰਘ ਨੇ ਸੈਕਟਰ-39 ਥਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 62 ਸਾਲਾ ਉਨ੍ਹਾਂ ਦੇ ਪਿਤਾ ਕਾਕਾ ਸਿੰਘ ਦਾ ਵਿਵਾਦ ਗੁਆਂਢੀ ਉਕਤ ਜੋੜੇ ਨਾਲ ਹੋਇਆ ਸੀ। ਜੋੜੇ ਨੇ ਉਨ੍ਹਾਂ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ। ਕੁੱਟਮਾਰ 'ਚ ਜ਼ਖ਼ਮੀ ਹੋਣ ਮਗਰੋਂ ਉਨ੍ਹਾਂ ਦੇ ਪਿਤਾ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਮੋਹਾਲੀ ਫੇਜ਼-6 ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਸੀ।

ਕੁੱਤੇ ਨੂੰ ਲੈ ਕੇ ਹੋਇਆ ਸੀ ਝਗੜਾ

ਬਲਜੀਤ ਨੇ ਦੱਸਿਆ ਕਿ ਵਿਜੇ ਕੁਮਾਰ ਦਾ ਕੁੱਤਾ ਉਨ੍ਹਾਂ ਦੇ ਘਰ ਦੇ ਬਾਹਰ ਰੇਤ-ਬੱਜਰੀ 'ਤੇ ਟਾਇਲਟ ਕਰ ਰਿਹਾ ਸੀ। ਉਨ੍ਹਾਂ ਦੇ ਪਿਤਾ ਕਾਕਾ ਸਿੰਘ ਨੇ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਜੇ ਤੇ ਉਸ ਦੀ ਪਤਨੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।