* ਪਰੂਮਿੰਗ ਮਸ਼ੀਨ ਦੀ ਜਾਂਚ ਤਾਂ ਨਵਜੋਤ ਸਿੱਧੂ ਨੇ ਵੀ ਕਰਵਾਈ ਸੀ ਪਰ ਕੁਝ ਨਹੀਂ ਨਿਕਲਿਆ

* 54 ਲੱਖ ਰੁਪਏ ਨਿਗਮ ਦੀ ਦੋ ਦਿਨਾਂ ਦੀ ਕਮਾਈ, ਮੰਤਰੀ 12 ਕਰੋੜ ਲਿਆਉਂਦਾ : ਸੋਹਾਣਾ

13ਸੀਐਚਡੀ3ਪੀ

ਕੈਪਸ਼ਨ : ਕੌਂਸਲਰਾਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਚੈਲੰਜ ਕਰਦੇ ਹੋਏ।

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਮੇਅਰ ਕੁਲਵੰਤ ਸਿੰਘ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਿਚਕਾਰ ਲੰਬੇ ਸਮੇਂ ਚਲ ਰਹੀ ਸ਼ਬਦੀ ਜੰਗ ਭਖ਼ਦੀ ਨਜ਼ਰ ਆ ਰਹੀ ਹੈ। ਸਿੱਧੂ ਵੱਲੋਂ ਦਿੱਤੇ ਬਿਆਨ ਕਿ ਪਰੂਨਿੰਗ ਮਸ਼ੀਨ ਲਈ ਖਰਚੇ ਪੈਸਿਆਂ ਦਾ ਮੇਅਰ ਕੁਲਵੰਤ ਸਿੰਘ ਕੋਲੋਂ ਹਿਸਾਬ ਲਿਆ ਜਾਵੇਗਾ, ਦਾ ਹੁਣ ਮੇਅਰ ਗਰੁੱਪ ਦੇ ਕੌਂਸਲਰਾਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਸਿੱਧੀ ਜੰਗ ਛੇੜ ਦਿੱਤੀ। ਸ਼ੋ੍ਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੰਤਰੀ ਸਿੱਧੂ ਵੱਲੋਂ 54 ਲੱਖ ਰੁਪਏ ਦਾ ਚੈੱਕ ਨਗਰ ਨਿਗਮ ਦੇ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ, ਪਰ ਐਨੇ ਘੱਟ ਪੈਸਿਆਂ ਨਾਲ ਨਗਰ ਨਿਗਮ ਦੀ ਇਕ ਵਾਰਡ ਦੇ ਵਿਕਾਸ ਕਾਰਜਾਂ ਦਾ ਕੰਮ ਵੀ ਸਿਰੇ ਨਹੀਂ ਚੜ੍ਹਨਾਂ। ਉਨ੍ਹਾਂ ਕਿਹਾ ਕਿ ਜੇਕਰ ਗਰਾਂਟ ਦੇਣੀ ਹੀ ਸੀ ਤਾਂ ਘੱਟੋ-ਘੱਟ 10-12 ਕਰੋੜ ਰੁਪਏ ਦੀ ਲੈ ਕੇ ਆਉਂਦੇ ਤਾਂ ਜੋ ਕੁਝ ਵਿਕਾਸ ਕਾਰਜ ਵੀ ਸਿਰੇ ਚੜ੍ਹ ਜਾਂਦੇ।

ਪਰਮਿੰਦਰ ਨੇ ਬਿਆਨ 'ਚ ਕਿਹਾ ਸਿੱਧੂ ਵੱਲੋਂ ਦਿੱਤੀ ਵਿਕਾਸ ਕਾਰਜਾਂ ਲਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਸੋਹਾਣਾ ਨੇ ਕਿਹਾ ਕਿ 54 ਲੱਖ ਰੁਪਏ ਮੋਹਾਲੀ ਨਗਰ ਨਿਗਮ ਦੀ ਸਿਰਫ਼ ਦੋ ਦਿਨਾਂ ਦੀ ਕਮਾਈ ਹੈ। ਮੇਅਰ ਕੁਲਵੰਤ ਸਿੰਘ ਦੀ ਅਗਵਾਈ 'ਚ ਹੁਣ ਤਕ 300 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਜੇਕਰ ਮੰਤਰੀ ਆਪਣੇ ਵਿਭਾਗ ਅਧੀਨ ਮੋਹਾਲੀ ਵਿਚ ਪੈਂਦੇ ਸਿਵਲ ਹਸਪਤਾਲ ਅਤੇ ਡਿਸਪੈਂਸਰੀਆਂ ਦੀ ਮਾੜੀ ਹਾਲਤ ਵਿਚ ਸੁਧਾਰ ਕਰ ਲੈਣ ਤਾਂ ਅਕਾਲੀ-ਭਾਜਪਾ ਕੌਂਸਲਰ ਨਾ ਸਿਰਫ ਉਨ੍ਹਾਂ ਦਾ ਧੰਨਵਾਦ ਸਗੋਂ ਸਨਮਾਨ ਕਰਨ ਲਈ ਵੀ ਤਿਆਰ ਹਨ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ 5 ਅਗਸਤ 2019 ਨੂੰ ਮੀਟਿੰਗ 'ਚ ਇਹ ਮਤਾ ਲਿਆਂਦਾ ਕਿ ਮੋਹਾਲੀ ਦੀਆਂ ਡਿਸਪੈਂਸਰੀਆਂ ਤੇ ਸਿਵਲ ਹਸਪਤਾਲ ਦੀ ਹਾਲਤ ਖ਼ਸਤਾ ਹੈ ਅਤੇ ਨਿਗਮ ਨੂੰ ਇਨ੍ਹਾਂ ਦੇ ਵਿਕਾਸ ਕਾਰਜ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਪਰ ਅੱਜ ਤਕ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਆਪਣੇ ਵਿਭਾਗ ਅਧੀਨ ਪੈਂਦੇ ਅਦਾਰਿਆਂ ਦੀ ਸਿਹਤ ਤਾਂ ਸੁਧਾਰ ਨਹੀਂ ਸਕਦੇ, ਤਾਂ ਉਹ ਨਿਗਮ ਦੇ ਕੰਮਾਂ ਵਿਚ ਕਿਉਂ ਦਖਲਅੰਦਾਜੀ ਕਰ ਰਹੇ ਹਨ।

ਅਕਾਲੀ ਕੌਂਸਲਰਾਂ ਦਾ ਕਹਿਣਾਂ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਹੁੰਦੇ ਹੋਇਆਂ ਵੀ ਸਿੱਧੂ ਨੇ ਮਟੌਰ ਹਸਪਤਾਲ ਦਾ ਸੁਧਾਰ ਨਹੀਂ ਕੀਤਾ ਜਿੱਥੇ ਬਰਸਾਤਾਂ ਦੌਰਾਨ 5-5 ਫ਼ੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ। ਇਨ੍ਹਾਂ ਦਾ ਕਹਿਣਾਂ ਹੈ ਕਿ ਪਿੰਡਾਂ 'ਤੇ ਸ਼ਹਿਰੀ ਬਾਏਲਾਜ਼ ਵਾਲੇ ਮਤੇ 'ਤੇ ਵੀ ਮੰਤਰੀ ਜੀ ਨੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਜਦੋਂ ਕਿ ਪਿੰਡਾਂ ਦੇ ਵਸਨੀਕ ਅਲੱਗ ਬਾਏਲਾਜ਼ ਦੀ ਗੱਲ ਕਰਦੇ ਰਹੇ ਹਨ। ਕੌਂਸਲਰਾਂ ਨੇ ਕਿਹਾ ਕਿ ਮੰਤਰੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪ੍ਰਰਾਪਰਟੀ ਟੈਕਸ ਮਾਫ਼ ਕਰਵਾਇਆ ਜਾਵੇਗਾ ਅਤੇ ਬਿਲਡਿੰਗ ਐਕਸਟੈਂਸ਼ਨ ਫ਼ੀਸ ਤੋਂ ਨਿਜ਼ਾਤ ਦਿਵਾਈ ਜਾਵੇਗੀ ਪਰ ਇਸ ਵੱਲ ਚੋਣ ਜਿੱਤਣ ਉਪਰੰਤ ਮੰਤਰੀ ਨੇ ਕਦੇ ਧਿਆਨ ਹੀ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਜਿੱਥੋਂ ਤਕ ਮੰਤਰੀ ਵੱਲੋਂ ਦਰਖਤਾਂ ਦੀ ਛੰਗਾਈ ਲਈ ਮੇਅਰ ਕੁਲਵੰਤ ਸਿੰਘ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਗਈ ਹੈ ਤਾਂ ਇਹ ਜਾਂਚ ਤਾਂ ਪਹਿਲਾਂ ਪਿਛਲੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਕਰਵਾਈ ਸੀ, ਉਸਦਾ ਕੀ ਨਤੀਜਾ ਨਿਕਲਿਆ। ਉਨ੍ਹਾਂ ਕਿਹਾ ਕਿ ਮੰਤਰੀ ਜਦੋਂ ਚਾਹੇ ਇਸਦੀ ਜਾਂਚ ਕਰਵਾ ਸਕਦਾ ਹੈ ਪਰ ਨਤੀਜਾ ਸਿਫਰ ਹੀ ਨਿਕਲਣਾ ਹੈ।

ਅਕਾਲੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਮੰਤਰੀ ਨੇ ਇਹ ਦਾਅਵਾ ਕੀਤਾ ਸੀ ਕਿ ਲਾਂਡਰਾਂ ਦੀ ਸੜਕ ਨੂੰ ਚੌੜਾ ਕਰਵਾਉਣ ਲਈ 27 ਕਰੋੜ ਰੁਪਏ ਦਾ ਪ੍ਰਰੋਜੈਕਟ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਇੱਥੇ 27 ਕਰੋੜ ਤਾਂ ਕੀ ਲਗਣੇ ਸਨ, ਚੰਦ ਟਾਈਲਾਂ ਲਗਵਾ ਕੇ ਹੀ ਮੰਤਰੀ ਨੇ ਕੰਮ ਸਾਰ ਦਿੱਤਾ ਹੈ ਅਤੇ ਲਾਂਡਰਾਂ ਦੀ ਟਰੈਫਿਕ ਦੀ ਸਮੱਸਿਆ ਪਹਿਲਾਂ ਤੋਂ ਵੀ ਵੱਧ ਗਈ ਹੈ। ਮੰਤਰੀ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੰਤਰੀ ਬਲਬੀਰ ਸਿੰਘ ਸਿੱਧੂ ਜੇਕਰ ਮੋਹਾਲੀ ਦੇ ਵਿਕਾਸ ਲਈ ਕੋਈ ਫੰਡ ਜਾਂ ਗਰਾਂਟ ਲੈ ਕੇ ਆਇਆ ਹੈ ਤਾਂ ਉਸ ਬਾਰੇ ਜਨਤਾ ਨੂੰ ਦੱਸਿਆ ਜਾਵੇ। ਉਨ੍ਹਾਂ ਚੈਲੰਜ ਕੀਤਾ ਕਿ ਜੇਕਰ ਮੰਤਰੀ ਨੇ ਕੋਈ ਖੁਲ੍ਹੀ ਬਹਿਸ ਕਰਨੀ ਹੈ ਤਾਂ ਮੇਅਰ ਤਾਂ ਦੂਰ ਦੀ ਗੱਲ ਹੈ, ਮੋਹਾਲੀ ਦੇ ਅਕਾਲੀ-ਭਾਜਪਾ ਕੌਂਸਲਰ ਹੀ ਇਸ ਵਾਸਤੇ ਤਿਆਰ ਹਨ।

ਬਾਕਸ)---'ਅਕਾਲੀਆਂ ਨੇ ਕਿਉਂ ਨਾ ਬਣਾਈ ਲਾਂਡਰਾਂ ਵਾਲੀ ਸੜਕ'

ਮੈਂ ਨਗਰ ਨਿਗਮ ਵਿਕਾਸ ਕਾਰਜਾਂ ਲਈ 2 ਕਰੋੜ 18 ਲੱਖ ਰੁਪਏ ਦੇਣੇ ਹਨ। 54 ਲੱਖ ਰੁਪਏ ਪਹਿਲੀ ਕਿਸ਼ਤ ਸੀ ਅਸੀਂ ਸ਼ਹਿਰ ਦੇ 12 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਾਉਣੇ ਹਨ। ਜਿੱਥੋਂ ਤਕ ਲਾਂਡਰਾਂ ਵਾਲੀ ਸੜਕ ਦਾ ਸਵਾਲ ਹੈ ਅਕਾਲੀਆਂ ਨੇ ਆਪਣੀ ਸਰਕਾਰ ਵੇਲੇ ਕਿਉਂ ਨਾ ਬਣਾਈ। ਲੋਕ ਖੱਜਲ ਹੁੰਦੇ ਸਨ ਅਸੀਂ ਪੇਵਰ ਲਗਵਾ ਕੇ ਸੜਕ ਠੀਕ ਕਰਵਾਈ। ਅਕਾਲੀ ਦਲ ਦੇ ਕੌਂਸਲਰ ਮੇਰੇ ਤੋਂ ਸਵਾਲ ਪੁੱਛਣ ਵਾਲੇ ਹੁੰਦੇ ਕੌਣ ਹਨ? ਮੇਅਰ ਕੁਲਵੰਤ ਸਿੰਘ ਜਦੋਂ ਚਾਹੇ ਮੇਰੇ ਨਾਲ ਵਿਕਾਸ ਕਾਰਜਾਂ 'ਤੇ ਬਹਿਸ ਕਰ ਲਵੇ।

— ਬਲਬੀਰ ਸਿੰਘ ਸਿੱਧੂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ।