ਜ. ਸ., ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 28 ਤੋਂ 35 ਦੇ ਕੌਸਲਰਾਂ ਦੀ ਸਲਾਹਕਾਰ ਧਰਮਪਾਲ ਦੇ ਨਾਲ ਵੀਰਵਾਰ ਨੂੰ ਸਕੱਤਰੇਤ 'ਚ ਬੈਠਕ ਹੋਈ। ਇਸ ਬੈਠਕ 'ਚ ਕੌਂਸਲਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ 'ਤੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਬੈਠਕ 'ਚ ਸਮੂਹਿਕ ਕੇਂਦਰਾਂ, ਸਕੂਲਾਂ-ਕਾਲਜਾਂ, ਹਸਪਤਾਲਾਂ, ਖੇਡ ਗਰਾਊਂਡਾਂ ਅਤੇ ਆਂਗਣਵਾੜੀ ਕੇਂਦਰਾਂ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਸਲਾਹਕਾਰ ਨੇ ਵੱਖ-ਵੱਖ ਪੱਧਰਾਂ 'ਤੇ ਜ਼ਿੰਮੇਵਾਰੀ ਸੌਂਪੀ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਕਾਰਜਾਂ ਨੂੰ ਨਿਰਧਾਰਿਤ ਸਮਾਂ ਸੀਮਾ 'ਚ ਪੂਰਾ ਕਰਨ ਲਈ ਕਿਹਾ। ਬੈਠਕ 'ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਨਾਜਾਇਜ਼ ਕਬਜ਼ਿਆਂ ਦੇ ਵਿਸ਼ੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਲਾਹਕਾਰ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬੈਠਕ 'ਚ ਭਾਜਪਾ ਕੌਂਸਲਰ ਕੰਵਰਜੀਤ ਰਾਣਾ ਨੇ ਸੈਕਟਰ-33 ਤੋਂ 47 ਦੇ ਲਾਈਟ ਪੁਆਇੰਟ ਨੂੰ ਬੰਦ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਜਦੋਂ ਤਕ ਇਨ੍ਹਾਂ ਦੋਹਾਂ ਸੈਕਟਰਾਂ ਨੂੰ ਜੋੜਨ ਲਈ ਅੰਡਰਪਾਸ ਨਹੀਂ ਬਣ ਜਾਂਦਾ, ਉਦੋਂ ਤਕ ਉਹ ਲਾਈਟ ਪੁਆਇੰਟ ਨੂੰ ਬੰਦ ਨਹੀਂ ਕਰਨ ਦੇਣਗੇ। ਸਲਾਹਕਾਰ ਨੇ ਅਧਿਕਾਰੀਆਂ ਨੂੰ ਸਾਰੀ ਖਾਲੀ ਪਈ ਸਰਕਾਰੀ ਜ਼ਮੀਨ ਦੇ ਆਲੇ-ਦੁਆਲੇ ਫੈਂਸਿੰਗ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਕਿਸੇ ਵੱਲੋਂ ਨਾਜਾਇਜ਼ ਕਬਜ਼ਾ ਨਾ ਕੀਤਾ ਜਾ ਸਕੇ। ਬੈਠਕ 'ਚ ਕੌਂਸਲਰਾਂ ਨੇ ਆਪਣੇ ਵਾਰਡ ਦੀਆਂ ਪਾਰਕਿੰਗ ਦੀਆਂ ਸਮੱਸਿਆਵਾਂ ਨੂੰ ਵੀ ਚੁੱਕਿਆ। ਇਸ 'ਤੇ ਨਗਰ ਨਿਗਮ ਕਮਿਸ਼ਨਰ ਆਨਿੰਦਿਤਾ ਮਿੱਤਰਾ ਨੇ ਕਿਹਾ ਕਿ ਚੰਡੀਗੜ੍ਹ ਟ੍ਰਾਈਸਿਟੀ ਕੰਪਲੈਕਸ ਦੇ ਲਈ ਪਾਇਲਟ ਪ੍ਰਰੋਜੈਕਟ ਮੋਬਿਲਿਟੀ ਪਲਾਨ ਸੈਕਟਰ-35 ਤੋਂ ਲਾਂਚ ਕੀਤਾ ਜਾਵੇਗਾ। ਇਥੇ ਕਮਿਊਨਿਟੀ ਪਾਰਕਿੰਗ ਬਣਾਈ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਸ਼ਹਿਰ 'ਚ ਪਾਰਕਿੰਗ ਦੀ ਸਮੱਸਿਆ ਲਈ 18 ਸਥਾਨਾਂ ਨੂੰ ਚੁਣਿਆ ਹੈ। ਬੈਠਕ 'ਚ ਹੋਰ ਵੀ ਕਈ ਅਹਿਮ ਮਸਲੇ ਵਿਚਾਰੇ ਗਏ। ਇਸ ਮੌਕੇ ਬੈਠਕ 'ਚ ਮੇਅਰ ਸਰਬਜੀਤ ਕੌਰ, ਗ੍ਹਿ ਸਕੱਤਰ ਨਿਤਿਨ ਯਾਦਵ, ਡੀਸੀ ਵਿਨੈ ਪ੍ਰਤਾਪ ਸਿੰਘ, ਸਿਹਤ ਸਕੱਤਰ ਯਸ਼ਪਾਲ ਗਰਗ ਅਤੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਵੀ ਮੌਜੂਦ ਸਨ।