ਤਰਲੋਚਨ ਸਿੰਘ ਸੋਢੀ, ਕੁਰਾਲੀ : ਪੁਲਿਸ ਪ੍ਰਸ਼ਾਸਨ ਨੂੰ ਅੱਜ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਕਾਂਗਰਸ ਪਾਰਟੀ ਦੇ ਧਰਨਾ ਕੈਂਪ ਅੱਗੇ ਪੁੱਜ ਕੇ ਸਥਾਨਕ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਆਮਦ ਤੋਂ ਕੁਝ ਮਿੰਟ ਪਹਿਲਾਂ ਪੈਦਾ ਹੋਈ ਇਸ ਸਥਿਤੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕਾਫ਼ੀ ਮੁਸ਼ੱਕਤ ਕਰਦਿਆਂ ਨਜਿੱਠਿਆ ਗਿਆ। ਇਸੇ ਦੌਰਾਨ ਉਨ੍ਹਾਂ ਸਫ਼ਾਈ ਕਮਰਚਾਰੀਆਂ ਦੇ ਵਫ਼ਦ ਨੂੰ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮਿਲਾਉਣ ਦਾ ਵਾਅਦਾ ਕਰਕੇ ਸਫ਼ਾਈ ਕਮਰਚਾਰੀਆਂ ਨੂੰ ਸ਼ਾਂਤ ਕਰਵਾਇਆ ਗਿਆ। ਸਥਾਨਕ ਸ਼ਹਿਰ 'ਚ ਕਾਂਗਰਸ ਪਾਰਟੀ ਵੱਲੋਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ। ਸਥਾਨਕ ਕਾਂਗਰਸ ਪਾਰਟੀ ਵੱਲੋਂ ਰੂਪਨਗਰ ਮਾਰਗ 'ਤੇ ਪੈਂਦੇ ਸਰਕਾਰੀ ਹਸਪਤਾਲ ਅੱਗੇ ਟੈਂਟ ਲਗਾ ਕੇ ਤਿਆਰੀ ਕੀਤੀ ਹੋਈ ਸੀ। ਇਸ ਰੋਸ ਪ੍ਰਦਰਸ਼ਨ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸ਼ਮੂਲੀਅਤ ਦੀ ਖ਼ਬਰ ਜਿਵੇਂ ਹੀ ਕੌਂਸਲ ਦਫ਼ਤਰ 'ਚ ਇਕ ਮਹੀਨੇ ਤੋਂ ਧਰਨੇ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਨੂੰ ਮਿਲੀ ਤਾਂ ਸਫ਼ਾਈ ਕਰਮਚਾਰੀ ਸਥਾਨਕ ਨਗਰ ਕੌਂਸਲ ਤੋਂ ਰੋਸ ਮਾਰਚ ਦੇ ਰੂਪ 'ਚ ਕਾਂਗਰਸ ਦੇ ਧਰਨਾ ਕੈਂਪ ਵੱਲ ਤੁਰ ਪਏ। ਇਸੇ ਦੌਰਾਨ ਕਾਂਗਰਸ ਦੇ ਧਰਨਾ ਕੈਂਪ ਨੇੜੇ ਜਾ ਕੇ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਨੇ ਸਫ਼ਾਈ ਕਰਮਚਾਰੀਆਂ ਨੂੰ ਸ਼ਾਂਤ ਕਰਦਿਆਂ ਵਫ਼ਦ ਦੇ ਰੂਪ 'ਚ ਸਫ਼ਾਈ ਯੂਨੀਅਨ ਦੇ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮਿਲਾਉਣ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਸਫ਼ਾਈ ਕਰਮਚਾਰੀ ਸ਼ਾਂਤ ਹੋਏ।

ਇਸੇ ਦੌਰਾਨ ਮਿਊਂਸੀਪਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪਿਛਲੇ ਕਈ ਸਾਲਾਂ ਤੋਂ ਲਟਕਾਉਂਦੀ ਆ ਰਹੀ ਹੈ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਤੇ ਹੋਰ ਮੰਗਾਂ ਮੰਨੇ ਜਾਣ ਦੀ ਮੰਗ ਦੁਹਰਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ 'ਚ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਇਸੇ ਦੌਰਾਨ ਯੂਨੀਅਨ ਦੇ ਆਗੂਆਂ ਦੇ ਵਫ਼ਦ ਨੇ ਸੁਨੀਲ ਜਾਖੜ ਨੂੰ ਆਪਣਾ ਮੰਗ ਪੱਤਰ ਸੌਂਪਿਆ ਤੇ ਮੰਗਾਂ ਪੰਜਾਬ ਸਰਕਾਰ ਤਕ ਪਹੰੁਚਾ ਕੇ ਮਨਵਾਉਣ ਦੀ ਅਪੀਲ ਵੀ ਕੀਤੀ ਗਈ।

----------

ਫੋਟੋ ਕੈਂਪਸ਼ਨ 11ਸੀਐਚਡੀ29ਪੀ, ਕਾਂਗਰਸ ਦੇ ਧਰਨਾਕਾਰੀ ਕੈਂਪ ਤੋਂ ਕੁਝ ਦੂਰੀ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਥਾਨਕ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਦੇ ਆਗੂਆਂ ਦੀ ਤਸਵੀਰ।