ਰੋਹਿਤ ਕੁਮਾਰ, ਚੰਡੀਗਡ਼੍ਹ : ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਵੀਰਵਾਰ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦਾ ਜਵਾਬ ਦੇਣਗੇ। ਕੋਮਲ ਕਪੂਰ ਨੂੰ ਪਿਛਲੇ ਹਫ਼ਤੇ ਵੀ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਪੂਰ ਤੋਂ 25 ਸਵਾਲ ਪੁੱਛੇ ਗਏ ਸਨ। ਹੁਣ ਵੀਰਵਾਰ ਨੂੰ ਉਹ ਹੁਣ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ।

ਵਿਜੀਲੈਂਸ ਸੂਤਰਾਂ ਮੁਤਾਬਕ ਆਸ਼ੀਸ਼ ਕਪੂਰ ਦੇ ਭ੍ਰਿਸ਼ਟਾਚਾਰ ਮਾਮਲੇ ’ਚ ਕੀਤੀ ਜਾ ਰਹੀ ਜਾਂਚ ਦੌਰਾਨ ਕਪੂਰ ਦੇ ਇਕ ਪੀਜ਼ਾ ਕੰਪਨੀ ’ਚ 33 ਫ਼ੀਸਦੀ ਦੇ ਸ਼ੇਅਰ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਕੰਪਨੀਆਂ ’ਚ ਕਪੂਰ ਦੇ ਰਿਸ਼ਤੇਦਾਰ ਡਾਇਰੈਕਟਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਵਿਜੀਲੈਂਸ ਵੱਲੋਂ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ਤੇ ਬਾਕੀ ਹਿੱਸੇਦਾਰਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਕਪੂਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ ਕੰਪਨੀਆਂ ’ਚ ਪੈਸੇ ਦਾ ਨਿਵੇਸ਼ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕਪੂਰ ’ਤੇ ਇਕ ਮਹਿਲਾ ਨੇ ਜਬਰ ਜਨਾਹ ਤੇ ਵਸੂਲੀ ਵਰਗੇ ਗੰਭੀਰ ਦੋਸ਼ ਲਗਾਏ ਹਨ। ਕਪੂਰ ਸਾਲ 2016 ’ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਬਤੌਰ ਜੇਲ ਸੁਪਰਡੈਂਟ ਤਾਇਨਾਤ ਸਨ। ਇਸੇ ਦੌਰਾਨ ਜੇਲ੍ਹ ’ਚ ਬੰਦ ਹਰਿਆਣਾ ਵਾਸੀ ਇਕ ਮਹਿਲਾ ਨਾਲ ਉਨ੍ਹਾਂ ਦਾ ਸੰਪਰਕ ਹੋਇਆ। ਮਹਿਲਾ ਕਿਸੇ ਕੇਸ ਦੇ ਸਿਲਸਿਲੇ ’ਚ ਜੇਲ੍ਹ ’ਚ ਬੰਦ ਸੀ। ਮਹਿਲਾ ਨਾਲ ਉਸ ਦੀ ਮਾਂ, ਉਸ ਦਾ ਭਰਾ ਤੇ ਭਰਜਾਈ ਵੀ ਅਦਾਲਤੀ ਹਿਰਾਸਤ ’ਚ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਜ਼ੀਰਕਪੁਰ ਥਾਣੇ ’ਚ ਕੇਸ ਦਰਜ ਸੀ। ਦੋਸ਼ ਹੈ ਕਿ ਆਸ਼ੀਸ਼ ਕਪੂਰ ਜਬਰ ਨੇ ਦੋਸ਼ ਲਗਾੳਣ ਵਾਲੀ ਮਹਿਲਾ ਦੀ ਮਾਂ ਤੇ ਭਰਾ ਦੀ ਜ਼ਮਾਨਤ ਕਰਵਾਉਣ ’ਚ ਮਦਦ ਕੀਤੀ ਸੀ। ਮੁਲਜ਼ਮ ਕਪੂਰ ਨੇ ਮਹਿਲਾ ਦੀ ਮਾਂ ਤੋਂ ਵੱਖ-ਵੱਖ ਚੈੱਕਾਂ ’ਤੇ ਹਸਤਾਖਰ ਕਰਵਾ ਕੇ ਕਰੀਬ ਇਕ ਕਰੋਡ਼ ਰੁਪਏ ਆਪਣੇ ਜਾਣ ਪਛਾਣ ਵਾਲੇ ਲੋਕਾਂ ਦੇ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਵਾ ਕੇ ਪੈਸੇ ਕਢਵਾਏ ਸਨ। ਇਸ ਕੰਮ ’ਚ ਏਐੱਸਆਈ ਹਰਜਿੰਦਰ ਸਿੰਘ ਨੇ ਵੀ ਉਸ ਦੀ ਮਦਦ ਕੀਤੀ। ਆਸ਼ੀਸ਼ ਕਪੂਰ, ਹਰਜਿੰਦਰ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀ ਪਵਨ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਨਿਪਟਾਰਾ ਕਾਨੂੰਨ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

Posted By: Sandip Kaur