ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਆਪਣੇ ਅਧੀਨ ਆਉਣ ਵਾਲੇ ਪੁਰਾਣੇ ਫੇਜ਼ਾਂ 'ਤੇ ਸੈਕਟਰਾਂ ਦੇ ਵੱਲ ਧਿਆਨ ਨਹੀਂ ਦੇ ਰਿਹਾ ਹੈ। ਗਮਾਡਾ ਮੋਹਾਲੀ ਦੇ ਆਸਪਾਸ ਦੇ ਖੇਤਰਾਂ ਵਿਚ ਨਵੇਂ ਖੇਤਰਾਂ ਨੂੰ ਵਿਕਸਿਤ ਕਰਨ 'ਚ ਰੁੱਝਾ ਹੋਇਆ ਹੈ। ਨਿਗਮ ਦੇ ਕੌਂਸਲਰਾਂ ਦਾ ਦੋਸ਼ ਹੈ ਕਿ ਵਿਭਾਗ ਇੱਥੇ ਪੁਰਾਣੇ ਸ਼ਹਿਰ 'ਚ ਵਿਕਾਸ ਕੰਮਾਂ ਦੀ ਅਣਦੇਖੀ ਕਰ ਰਿਹਾ ਹੈ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕੰਮਾਂ ਨੂੰ ਫੌਰੀ ਤੌਰ 'ਤੇ ਕਰਨ ਦੀ ਜ਼ਰੂਰਤ ਹੈ ਤਾਂਕਿ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਤੋਂ ਨਿਜਾਤ ਦਵਾਈ ਜਾ ਸਕੇ। ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਲਟਕੇ ਪਏ ਗਮਾਡਾ ਦੇ ਕੰਮਾਂ ਨੂੰ ਲੈ ਕੇ ਗਮਾਡਾ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਕੰਮ ਗਮਾਡਾ ਤੋਂ ਹੀ ਕਰਵਾਏ ਜਾਣ ਹੈ ਪਰ ਨਹੀਂ ਕਰਵਾਏ ਜਾ ਰਹੇ। ਇਸ ਨੰੂ ਲੈ ਕੇ ਗਮਾਡਾ ਦੇ ਨਾਲ ਛੇਤੀ ਹੀ ਬੈਠਕ ਕੀਤੀ ਜਾਵੇਗੀ।

ਬਾਕਸ

ਇਸ ਸਮੱਸਿਆਵਾਂ ਦਾ ਹੋਣਾ ਚਾਹੀਦਾ ਹੈ ਹੱਲ

ਗਮਾਡਾ ਵਲੋਂ ਸ਼ਹਿਰ ਦੇ ਤਿੰਨ ਪੁਰਾਣੇ ਪੁਲਾਂ ਦਾ ਪੁਨਰਨਿਰਮਾਣ ਕੀਤਾ ਜਾਣਾ ਹੈ ਜਿਨ੍ਹਾਂ 'ਚ ਬਲੌਂਗੀ ਪੁੱਲ, ਪੀਸੀਏ ਸਟੇਡੀਅਮ ਪੁੱਲ, ਫੇਜ਼ 9 ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੁਲ ਸ਼ਾਮਿਲ ਹੈ। ਇਸਦੇ ਨਾਲ ਨਾਲ ਕਈ ਸੜਕਾਂ ਨੂੰ ਚੌੜਾ ਕੀਤਾ ਜਾਣਾ ਲਟਕਿਆ ਪਿਆ ਹੈ ਜਿਸ 'ਚ ਕੁੰਭੜਾ ਰੋਡ, ਵਾਈਪੀਐੱਸ ਚੌਕ-ਮੋਹਾਲੀ ਪਿੰਡ ਦੀ ਸੜਕ ਅਤੇ ਹੋਟਲ ਫਰੈਂਕੋ ਮੋਹਾਲੀ ਸਿਵਲ ਹਸਪਤਾਲ ਦੀ ਸੜਕ ਸ਼ਾਮਿਲ ਹੈ। ਗਮਾਡਾ ਵਲੋਂ ਸਮੁਦਾਇਕ ਕੇਂਦਰਾਂ ਦਾ ਨਿਰਮਾਣ ਅਤੇ ਖੇਤਰ 'ਚ ਜ਼ਿਆਦਾ ਸਕੂਲਾਂ ਤੇ ਡਿਸਪੈਂਸਰੀਆਂ ਲਈ ਜਗ੍ਹਾ ਉਪਬਧ ਕਰਵਾਉਣ ਦਾ ਕੰਮ ਵੀ ਲਟਕਿਆ ਪਿਆ ਹੈ ਜਿਸਨੂੰ ਲੈ ਕੇ ਕੌਂਸਲਰਾਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਨੇ ਸ਼ਹਿਰ ਦੇ ਸਭ ਤੋਂ ਸੰਘਣੇ ਹਿੱਸਿਆਂ 'ਚੋਂ ਇੱਕ ਕੁੰਭੜਾ ਰੋਡ ਬਹੁਤ ਸੰਘਣਾ ਹੈ ਜਿੱਥੇ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ।

ਬਾਕਸ

ਨਵੇਂ ਸੈਕਟਰਾਂ 'ਚ ਕਮਿਊਨਿਟੀ ਸੈਂਟਰਾਂ ਦੀ ਕਮੀ

ਮੋਹਾਲੀ ਨਗਰ ਨਿਗਮ 'ਚ ਸ਼ਾਮਲ ਹੋਏ ਨਵੇਂ ਸੈਕਟਰਾਂ ਤੇ ਪਿੰਡਾਂ 'ਚ ਕਮਿਊਨਿਟੀ ਸੈਂਟਰਾਂ ਅਤੇ ਸਕੂਲਾਂ ਦੀ ਭਾਰੀ ਕਮੀ ਹੈ। ਇਨ੍ਹਾਂ ਥਾਵਾਂ 'ਤੇ ਗਮਾਡਾ ਵਲੋਂ ਜਗ੍ਹਾ ਮੁਹੱਈਆ ਕਰਵਾਈ ਜਾਣੀ ਹੈ। ਕੁਝ ਇੱਕ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਪਰੰਤੂ ਜਗ੍ਹਾ ਨਹੀਂ ਮਿਲੀ। ਇਸ ਨੂੰ ਲੈ ਕੇ ਹੁਣ ਨਿਗਮ ਵੱਲੋਂ ਕਾਰਵਾਈ ਕੀਤੀ ਜਾਵੇਗੀ।