ਜੇਐੱਨਐੱਨ, ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਖਤਰਾ ਇਕ ਵਾਰ ਫਿਰ ਸਿਰ 'ਤੇ ਮੰਡਰਾਉਣ ਲੱਗਾ ਹੈ। ਪਾਜ਼ੇਟਿਵ ਮਾਮਲਿਆਂ ਦਾ ਲਗਾਤਾਰ ਵਧਣਾ ਹੁਣ ਦੁਬਾਰਾ ਚਿੰਤਾ ਵਧਾਉਣ ਲੱਗਾ ਹੈ। ਸੋਮਵਾਰ ਦੇ ਬਾਅਦ ਮੰਗਲਵਾਰ ਨੂੰ ਵੀ ਲਗਾਤਾਰ ਦੂਜੇ ਦਿਨ ਸੱਤ ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਹੁਣ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਐਕਟਿਵ ਕੇਸ ਵੱਧ ਕੇ 44 ਹੋ ਗਏ ਹਨ। ਪਿਛਲੇ ਸੱਤ ਦਿਨਾਂ 'ਚ ਅੌਸਤ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਪੰਜ ਰਹੀ ਹੈ। ਜਦਕਿ ਕੁਝ ਦਿਨ ਪਹਿਲਾਂ ਤਕ ਘੱਟ ਹੋ ਕੇ ਇਹ ਇਕ ਜਾਂ ਦੋ ਰਹਿ ਗਈ ਸੀ। ਉਥੇ ਹੀ, ਸੱਤ ਦਿਨਾਂ 'ਚ ਪਾਜ਼ੇਟਿਵਿਟੀ ਦਰ 0.21 ਫੀਸਦੀ ਰਿਹਾ ਹੈ। ਮੰਗਲਵਾਰ ਨੂੰ ਚਾਰ ਪੁਰਸ਼ ਤੇ ਤਿੰਨ ਅੌਰਤਾਂ ਪਾਜ਼ੇਟਿਵ ਪਾਈਆਂ ਗਈਆਂ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਤਿੰਨ ਕੇਸ ਸੈਕਟਰ -14 'ਚ ਸਾਹਮਣੇ ਆਏ। ਜਦਕਿ ਸੈਕਟਰ-18, 31, 38 ਤੇ ਮਨੀਮਾਜਰਾ 'ਚ ਇਕ-ਇਕ ਕੇਸ ਸਾਹਮਣੇ ਆਏ। ਹਾਲਾਂਕਿ ਚੰਗੀ ਗੱਲ ਇਹ ਹੈ ਚਾਰ ਮਰੀਜ਼ ਠੀਕ ਹੋ ਕੇ ਇਕਾਂਤਵਾਸ ਤੋਂ ਬਾਹਰ ਵੀ ਆਏ ਹਨ। ਟੈਸਟਿੰਗ ਸਕੇਲ ਨੂੰ ਘੱਟ ਨਹੀਂ ਕੀਤਾ ਗਿਆ ਹੈ। 24 ਘੰਟਿਆਂ 'ਚ 2338 ਸੈਂਪਲ ਟੈਸਟ ਕੀਤੇ ਗਏ।

ਅਕਤੂਬਰ ਦੇ ਆਖਿਰ ਤਕ ਰਹਿਣਗੇ ਮਿਨੀ ਕੋਵਿਡ ਕੇਅਰ ਸੈਂਟਰ

ਮਿਨੀ ਕੋਵਿਡ ਕੇਅਰ ਸੈਂਟਰ ਅਕਤੂਬਰ ਤਕ ਸਟੈਂਡਬਾਏ ਮੋਡ 'ਤੇ ਕੰਮ ਕਰਦੇ ਰਹਿਣਗੇ। ਅਜੇ ਇਹ ਬੰਦ ਨਹੀਂ ਹੋਣਗੇ। ਪ੍ਰਸ਼ਾਸਨ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਸਮਾਜਿਕ ਸੰਗਠਨਾਂ ਨੇੇ ਮਿਨੀ ਕੋਵਿਡ ਕੇਅਰ ਸੈਂਟਰਾਂ ਨੂੰ ਅਕਤੂਬਰ ਤਕ ਖੋਲ੍ਹਣ ਦਾ ਫੈਸਲਾ ਲਿਆ ਹੈ। ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਅਜਿਹਾ ਨਾ ਹੋਵੇ ਕਿ ਪਹਿਲਾਂ ਦੀ ਤਰ੍ਹਾਂ ਹਾਲਾਤ ਵਿਗੜ ਜਾਣ ਤੇ ਇਨਫਰਾਸਟਰੱਕਚਰ ਤਿਆਰ ਨਾ ਹੋਵੇ। ਤੀਜੀ ਲਹਿਰ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸੰਗਠਨਾਂ ਨੂੰ ਦੋ ਵਿਕਲਪ ਦਿੱਤੇ ਸੀ ਇਕ ਤਾਂ ਉਹ ਇਸ ਨੂੰ ਬੰਦ ਕਰ ਸਥਾਨ ਖਾਲੀ ਕਰ ਦੇਣ। ਦੂਜਾ ਆਪਣੇ ਖਰਚ 'ਤੇ ਸੈਂਟਰ ਦੀ ਸੁਰੱਖਿਆ ਵਿਵਸਥਾ ਕਰ ਇਸਨੂੰ ਅਕਤੂਬਰ ਤਕ ਸਟੈਂਡਬਾਏ ਮੋਡ 'ਤੇ ਰੱਖਣ। ਜੇਕਰ ਜ਼ਰੂਰਤ ਪਵੇ ਤਾਂ ਤੁਰੰਤ ਇਸ ਨੂੰ ਚਾਲੂ ਕੀਤਾ ਜਾ ਸਕੇ।

7000 ਹਜ਼ਾਰ ਨੇ ਲਵਾਇਆ ਟੀਕਾ

ਕੋਰੋਨਾ ਵਾਇਰਸ ਨਾਲ ਲੜਨ ਦਾ ਵੈਕਸੀਨੇਸ਼ਨ ਸਭ ਤੋਂ ਕਾਰਗਰ ਹਥਿਆਰ ਹੈ। ਇਹ ਗੱਲ ਹੁਣ ਸਭ ਜਾਣ ਗਏ ਹਨ। ਇਸ ਵਜ੍ਹਾ ਨਾਲ ਜੰਮ ਕੇ ਟੀਕਾਕਰਨ ਹੋ ਰਿਹਾ ਹੈ। ਮੰਗਲਵਾਰ ਨੂੰ 6919 ਲੋਕਾਂ ਨੇ ਕੋਰੋਨਾ ਰੋਕੂ ਟੀਕਾ ਲਵਾਇਆ। ਸਭ ਤੋਂ ਜ਼ਿਆਦਾ ਜੋਸ਼ 18 ਤੋਂ 44 ਉਮਰ ਵਰਗ 'ਚ ਦਿਖ ਰਿਹਾ ਹੈ। ਇਸ ਵਰਗ 'ਚ 2224 ਨੇ ਪਹਿਲੀ ਡੋਜ਼ ਤੇ 3528 ਨੇ ਦੂਜੀ ਡੋਜ਼ ਲਵਾਈ। ਇਸਦੇ ਬਾਅਦ 45 ਸਾਲ ਤੋਂ ਜ਼ਿਆਦਾ ਉਮਰ ਵਰਗ ਦੀ ਜ਼ਿਆਦਾਤਰ ਵੈਕਸੀਨੇਸ਼ਨ ਹੋਈ। ਅਜੇ ਤਕ 12 ਲੱਖ 87 ਹਜ਼ਾਰ 79 ਡੋਜ਼ ਲੱਗ ਚੁੱਕੀ ਹੈ। ਚੰਡੀਗੜ੍ਹ ਦੀ ਯੋਗ ਆਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। ਹੁਣ ਜ਼ਿਆਦਾ ਗਿਣਤੀ 'ਚ ਦੂਜੀ ਡੋਜ਼ ਲੱਗ ਰਹੀ ਹੈ। ਪਿਛਲੇ ਸੱਤ ਦਿਨਾਂ ਦੀ ਗੱਲ ਕਰੀਏ ਤਾਂ ਅੌਸਤ 8423 ਲੋਕਾਂ ਨੂੰ ਰੋਜ਼ਾਨਾ ਕੋਰੋਨਾ ਦੇ ਟੀਕੇ ਲੱਗੇ ਹਨ।