ਜੇਐੱਨਐੱਨ, ਪੰਚਕੂਲਾ

ਸਿਵਲ ਹਸਪਤਾਲ ਸੈਕਟਰ-6 ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਬਣਾਏ ਗਏ ਵਾਰਡ ਤੋਂ ਇਕ ਮਰੀਜ਼ ਨੇ ਵੀਡੀਓ ਵਾਇਰਲ ਕਰ ਕੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਕੋਵਿਡ ਵਾਰਡ ਵਿਚ ਦਾਖ਼ਲ ਮਰੀਜ਼ ਨੇ ਐਤਵਾਰ ਨੂੰ ਵੀਡੀਓ ਵਾਇਰਲ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਇਸ ਵਾਰਡ ਵਿਚ 25 ਮਰੀਜ਼ ਹਨ। ਕੋਰੋਨਾ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾਹੈ। ਲੰਘੇ 16 ਘੰਟਿਆਂ ਤੋਂ ਕੋਵਿਡ ਵਾਰਡ ਦੇ ਪਖਾਨਿਆਂ ਵਿਚ ਪਾਣੀ ਬਿਲਕੁਲ ਨਹੀਂ ਆ ਰਿਹਾ ਹੈ। ਕੋਰੋਨਾ ਮਰੀਜ਼ਾਂ ਨੇ ਕਿਹਾ ਹੈ ਕਿ ਬੇਹੱਦ ਖਸਤਾ ਹਾਲ ਵਾਲਾ ਆਈਸੋਲੇਸ਼ਨ ਵਾਰਡ ਪਰੇਸ਼ਾਨੀ ਦੀ ਮੁੱਖ ਵਜ੍ਹਾ ਹੈ। ਮਰੀਜ਼ਾਂ ਦਾ ਦੋਸ਼ ਹੈ ਕਿ ਪ੍ਰਬੰਧਕਾਂ ਤੇ ਮੁਲਾਜ਼ਮਾਂ ਨੂੰ ਦੱਸਣ ਦੇ ਬਾਵਜੂਦ ਇਹ ਲੋਕ ਕੋਈ ਹੱਲ ਨਹੀਂ ਕੱਢ ਰਹੇ ਹਨ। ਕੋਈ ਵੀ ਮਰੀਜ਼ ਟਾਇਲਟ ਵਿਚ ਨਹੀਂ ਜਾ ਰਿਹਾ ਹੈ ਤੇ ਬਾਹਰ ਕਿਤੇ ਹੋਰ ਨਹੀਂ ਜਾ ਸਕਦਾ ਹੈ। ਆਈਸੋਲੇਸ਼ਨ ਵਾਰਡ ਵਿਚ ਅੌਰਤ ਮਰੀਜ਼ ਦਾਖ਼ਲ ਹਨ। ਵੀਡੀਓ ਬਣਾ ਕੇ ਵਾਇਰਲ ਹੋਣ ਮਗਰੋਂ ਸਿਹਤ ਮਹਿਕਮੇ ਨੂੰ ਭਾਜੜ ਪੈ ਗਈ ਹੈ।

ਇਸ ਸਬੰਧੀ ਸਿਵਲ ਸਰਜਨ ਡਾ. ਜਸਜੀਤ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹਿਦਾਇਤ ਕੀਤੀ ਹੈ ਕਿ ਤੁਰੰਤ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਸ਼ਾਮ ਤਕ ਪਖਾਨਿਆਂ ਵਿਚ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਾਮ ਨੂੰ ਦੁਬਾਰਾ ਸਤੇ ਹੋਏ ਮਰੀਜ਼ਾਂ ਨੇ ਵੀਡੀਓ ਵਾਇਰਲ ਕੀਤੀ ਤੇ ਦੱਸਿਆ ਕਿ ਪਾਣੀ ਦਾ ਪ੍ਰਬੰਧ ਹੋ ਗਿਆ ਹੈ।

ਕਾਬਿਲੇ ਜ਼ਿਕਰ ਹੈ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਈਂ ਕੋਵਿਡ ਵਾਰਡ ਬਣਾਏ ਗਏ ਹਨ, ਜਿਨ੍ਹਾਂ ਵਿਚ ਮਰੀਜ਼ਾਂ ਲਈ 'ਪ੍ਰਬੰਧ' ਕੀਤੇ ਗਏ ਹਨ। ਮਰੀਜ਼ਾਂ ਵੱਲੋਂ ਇੰਤਜ਼ਾਮਾਂ ਨੂੰ ਲੈ ਕੇ ਇਹ ਪਹਿਲੀ ਸ਼ਿਕਾਇਤ ਸਾਹਮਣੇ ਆਈ ਹੈ। ਸਿਵਲ ਸਰਜਨ ਦਫ਼ਤਰ ਦੇ ਧਿਆਨ ਵਿਚ ਆਉਣ ਮਗਰੋਂ ਸਮੱਸਿਆ ਦੇ ਹੱਲ ਲਈ ਯਤਨ ਸ਼ੁਰੂ ਹੋਏ ਹਨ।