ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਵੇਂ ਪੂਰੀ ਤਰ੍ਹਾਂ ਨਾਲ ਨਹੀਂ ਰੁਕੀ ਪਰ ਸੂਬੇ 'ਚ 106 ਦਿਨਾਂ ਬਾਅਦ ਸਭ ਤੋਂ ਘੱਟ 629 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਇਕ ਮਾਰਚ ਨੂੰ 635 ਮਰੀਜ਼ ਪਾਏ ਗਏ ਸਨ। ਇਸ ਤੋਂ ਬਾਅਦ ਤੋਂ ਹੀ ਲਗਾਤਾਰ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਗਿਆ। ਹਾਲਾਂਕਿ ਇਕ ਮਾਰਚ ਨੂੰ 24 ਘੰਟਿਆਂ 'ਚ ਮਰਨ ਵਾਲਿਆਂ ਦੀ ਗਿਣਤੀ 18 ਸੀ, ਜਦੋਂਕਿ 14 ਜੂਨ ਨੂੰ ਇਹ ਗਿਣਤੀ 33 ਹੈ। ਸਰਗਰਮ ਮਾਮਲਿਆਂ 'ਚ ਭਾਵੇਂ ਕਮੀ ਆਈ ਹੈ ਪਰ ਮਰੀਜ਼ਾਂ ਦੀ ਮੌਤ ਬਾਰੇ ਸਿਹਤ ਵਿਭਾਗ ਦੀ ਚਿੰਤਾ ਘੱਟ ਨਹੀਂ ਹੋ ਰਹੀ। ਸੋਮਵਾਰ ਨੂੰ ਵੀ 6 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਅਤੇ 2 ਨੂੰ ਆਈਸੀਯੂ 'ਚ ਦਾਖ਼ਲ ਕੀਤਾ ਗਿਆ।

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਨਵੇਂ ਮਰੀਜ਼ਾਂ ਦੀ ਗਿਣਤੀ 629 ਸੀ, ਜਦੋਂਕਿ 33 ਮਰੀਜ਼ਾਂ ਦੀ ਮੌਤ ਹੋਈ। ਸੂਬੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 11913 ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਸਾਰੇ 22 ਜ਼ਿਲਿ੍ਹਆਂ 'ਚ ਨਵੇਂ ਮਰੀਜ਼ਾਂ ਦੀ ਗਿਣਤੀ 100 ਤੋਂ ਹੇਠਾਂ ਆ ਗਈ ਹੈ। ਸਭ ਤੋਂ ਵੱਧ 98 ਮਰੀਜ਼ ਜਲੰਧਰ 'ਚ ਮਿਲੇ ਹਨ ਜਦੋਂਕਿ ਸਭ ਤੋਂ ਘੱਟ ਬਰਨਾਲਾ ਤੇ ਫਤਹਿਗੜ੍ਹ ਸਾਹਿਬ 'ਚ 8-8 ਮਰੀਜ਼ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਨੇ 24 ਘੰਟਿਆਂ 'ਚ 32250 ਸੈਂਪਲ ਇਕੱਠੇ ਕੀਤੇ ਜਦੋਂ ਕਿ 43421 ਸੈਂਪਲਾਂ ਦੀ ਜਾਂਚ ਕੀਤੀ ਗਈ। ਸੂਬੇ 'ਚ 1650 ਮਰੀਜ਼ ਠੀਕ ਹੋਏ ਤੇ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 15602 ਹੋ ਗਈ ਹੈ।