ਕੈਲਾਸ਼ ਨਾਥ, ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਰਫ਼ਤਾਰ ਰੋਕਣ ਵਿਚ ਸੂਬਾ ਸਰਕਾਰ ਦੇ ਯਤਨ ਕਾਰਗ਼ਰ ਸਾਬਤ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਇਸ ਦੇ ਪਿੱਛੇ 6 ਜ਼ਿਲ੍ਹਿਆਂ ਵਿਚ ਕੋਰੋਨਾ ਦੇ ਵੱਧਦੇ ਕੇਸ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਅੰਕੜਿਆਂ ਕਾਰਨ ਕੋੋਰੋਨਾ ਦਾ ਗ੍ਰਾਫ ਵੱਧਦਾ ਪ੍ਰਤੀਤ ਹੋ ਰਿਹਾ ਹੈ। ਇਕ ਤੋਂ ਅੱਠ ਮਈ ਤਕ ਸੂਬੇ ਵਿਚ 63123 ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿੱਚੋਂ 39152 ਕੇਸ ਲੁਧਿਆਣਾ, ਜਲੰਧਰ, ਪਟਿਆਲਾ, ਐੱਸਏਐੱਸ ਨਗਰ, ਅੰਮਿ੍ਤਸਰ ਤੇ ਬਠਿੰਡਾ ਦੇ ਹਨ। ਅੰਕੜੇ ਦੱਸਦੇ ਹਨ ਕਿ 69 ਫ਼ੀਸਦੀ ਅੰਕੜੇ ਇਨ੍ਹਾਂ ਜ਼ਿਲ੍ਹਿਆਂ ਦੇ ਹਨ।

ਇਨ੍ਹਾਂ ਛੇ ਜ਼ਿਲ੍ਹਿਆਂ ਦੇ ਅੰਕੜਿਆਂ 'ਤੇ ਨਜ਼ਰ ਪਾਈ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਮੋਹਾਲੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿਚ ਇਕ ਮਈ ਮਗਰੋਂ ਕੋਰੋਨਾ ਕੇਸਾਂ ਦੀ ਰਫ਼ਤਾਰ ਵਧੀ ਹੈ। ਦੱਸਿਆ ਗਿਆ ਹੈ ਕਿ 30 ਅਪ੍ਰੈਲ ਨੂੰ ਜਿੱਥੇ ਲੁਧਿਆਣਾ ਵਿਚ 792 ਕੇਸ ਆਏ ਸਨ, ਇਕ ਮਈ ਮਗਰੋਂ ਕੋਈ ਇਹੋ ਜਿਹਾ ਦਿਨ ਨਹੀਂ ਰਿਹਾ ਜਦੋਂ 1000 ਤੋਂ ਘੱਟ ਕੇਸ ਆਏ ਹੋਣ। ਅੱਠ ਮਈ ਤਕ ਲੁਧਿਆਣੇ ਵਿਚ 10680 ਕੇਸ ਆਏ ਸਨ। ਉਥੇ ਮੋਹਾਲੀ ਵਿਚ 7177 ਕੇਸ ਸਾਹਮਣੇ ਆਏ। ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਐਕਟਿਵ ਕੇਸ ਲੁਧਿਆਣਾ ਤੇ ਮੋਹਾਲੀ ਵਿਚ ਹਨ।

ਸ਼ਨਿਚਰਵਾਰ ਤਕ ਮੋਹਾਲੀ ਵਿਚ 11368 ਸਰਗਰਮ ਕੇਸ ਸਨ। ਜਦਕਿ ਮੋਹਾਲੀ ਵਿਚ ਇਹ ਗਿਣਤੀ 9953 ਸੀ। ਲੁਧਿਆਣਾ ਤੇ ਮੋਹਾਲੀ ਵਿਚ ਵਧੇ ਹੋਏ ਕੇਸਾਂ ਦਾ ਕਾਰਨ ਸੰਘਣੀ ਅਬਾਦੀ ਮੰਨ ਰਿਹਾ ਹੈ। ਦਰਅਸਲ, ਇਨ੍ਹਾਂ ਜ਼ਿਲ੍ਹਿਆਂ ਵਿਚ ਅਬਾਦੀ ਸੰਘਣੀ ਹੈ। ਕੋਰੋਨਾ ਨੂੰ ਲੈ ਕੇ ਸੂਬਾ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾ. ਕੇਕੇ ਤਲਵਾੜ ਮੁਤਾਬਕ ਸੰਘਣੀ ਅਬਾਦੀ ਕਾਰਨ ਖ਼ਤਰਾ ਉਦੋਂ ਵੱਧ ਜਾਂਦਾ ਹੈ ਜਦੋਂ ਮਾਸਕ ਨਾ ਪਹਿਨਿਆ ਹੋਵੇ।

ਜੇ ਦੋ ਵਿਅਕਤੀਆਂ ਨੇ ਮਾਸਕ ਪਹਿਨਿਆ ਹੈ ਤਾਂ ਖ਼ਤਰਾ ਥੋੜ੍ਹਾ ਘੱਟ ਹੁੰਦਾ ਹੈ। ਇਕ ਜਣੇ ਨੇ ਮਾਸਕ ਨਾ ਪਾਇਆ ਹੋਵੇ ਤਾਂ ਦੂਜੇ ਲਈ ਖ਼ਤਰਾ ਹੋ ਜਾਂਦਾ ਹੈ। ਇਸੇ ਲਈ ਕੋਰੋਨਾ ਦੀ ਸ਼ੁਰੂਆਤ ਤੋਂ ਡਾਕਟਰਾਂ ਨੇ ਅਪੀਲ ਕੀਤੀ ਹੋਈ ਹੈ ਕਿ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਤੇ ਮਾਸਕ ਜ਼ਰੂਰ ਪਹਿਨਿਆ ਹੋਵੇ।