ਵਿਸ਼ਾਲ ਪਾਠਕ, ਚੰਡੀਗਡ਼੍ਹ : ਬਲੱਡ ਕੈਂਸਰ ਨਾਲ ਪੀਡ਼ਤ ਮਰੀਜ਼ਾਂ ’ਤੇ ਕੋਰੋਨਾ ਇਨਫੈਕਸ਼ਨ ਘਾਤਕ ਸਾਬਿਤ ਹੋ ਰਹੀ ਹੈ। ਇਨਫੈਕਸ਼ਨ ਦੀ ਲਪੇਟ ’ਚ ਆਉਣ ਨਾਲ ਬਲੱਡ ਕੈਂਸਰ ਦੇ ਮਰੀਜ਼ਾਂ ਦੀ ਮੌਤ ਦਰ 20.5 ਫ਼ੀਸਦੀ ਦਰਜ ਕੀਤੀ ਗਈ। ਜੇਕਰ ਬਲੱਡ ਕੈਂਸਰ ਨਾਲ ਪੀਡ਼ਤ ਮਰੀਜ਼ ਇਨਫੈਕਸ਼ਨ ਦੀ ਲਪੇਟ ’ਚ ਨਾ ਆਉਂਦੇ ਤਾਂ ਇਹ ਮੌਤ ਦਰ 10 ਫ਼ੀਸਦੀ ਤਕ ਹੀ ਦਰਜ ਕੀਤੀ ਜਾਂਦੀ। ਪਰ ਇਨਫੈਕਸ਼ਨ ਦੀ ਲਪੇਟ ’ਚ ਆਉਣ ਕਾਰਨ ਬਲੱਡ ਕੈਂਸਰ ਤੋਂ ਪੀਡ਼ਤ ਮਰੀਜ਼ਾਂ ਦੀ ਮੌਤ ਦਰ ਜ਼ਿਆਦਾ ਦਰਜ ਕੀਤੀ ਗਈ। ਇਸ ਗੱਲ ਦਾ ਖ਼ੁਲਾਸਾ ਇਕ ਸ਼ੋਧ ’ਚ ਹੋਇਆ ਹੈ। ਇਹ ਜਾਣਕਾਰੀ ਪੀਜੀਆਈ ਦੇ ਕਲੀਨਿਕਲ ਹੇਮੇਟੋਲਾਜਿਸਟ ਡਾ. ਪੰਕਜ ਮਲਹੋਤਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸ਼ੋਧ ਪੀਜੀਆਈ ਚੰਡੀਗਡ਼੍ਹ, ਮੁੰਬਈ ਸਥਿਤ ਟਾਟਾ ਮੈਮੋਰੀਅਲ ਸੈਂਟਰ, ਪੁਡੁਚੇਰੀ ਸਥਿਤ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਨਵੀਂ ਸਥਿਤ ਆਰਮੀ ਹਸਪਤਾਲ, ਵੇੱਲੋਰ ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਬੈਂਗਲੁਰੂ ਸਥਿਤ ਨਾਰਾਇਣ ਹੈਲਥ ਸਿਟੀ ਵੱਲੋਂ ਕੀਤਾ ਗਿਆ।

ਸ਼ੋਧ ’ਚ 565 ਬਲੱਡ ਕੈਂਸਰ ਮਰੀਜ਼ਾਂ ਨੂੰ ਕੀਤਾ ਗਿਆ ਸ਼ਾਮਲ

ਸ਼ੋਧ ’ਚ ਬਲੱਡ ਕੈਂਸਰ ਨਾਲ ਪੀਡ਼ਤ 565 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸ਼ੋਧ ’ਚ ਪਾਇਆ ਗਿਆ ਕਿ 565 ’ਚੋਂ ਬਲੱਡ ਕੈਂਸਰ ਨਾਲ ਪੀਡ਼ਤ 116 ਮਰੀਜ਼ਾਂ ਦੀ ਕੋਰੋਨਾ ਦੀ ਲਪੇਟ ’ਚ ਆਉਣ ਕਾਰਨ 90 ਦਿਨਾਂ ਦੇ ਅੰਦਰ ਮੌਤ ਹੋ ਗਈ। ਜੋਕਿ ਕੁਲ ਬਲੱਡ ਕੈਂਸਰ ਨਾਲ ਪੀਡ਼ਤ ਮਰੀਜ਼ਾਂ ਦਾ 20.5 ਫ਼ੀਸਦੀ ਦਰਜ ਕੀਤਾ ਗਿਆ। ਬਲੱਡ ਕੈਂਸਰ ਨਾਲ ਪੀਡ਼ਤ 116 ਮਰੀਜ਼ਾਂ ’ਚੋਂ 75 ਮਰੀਜ਼ਾਂ ’ਚ ਕੋਰੋਨਾ ਦੇ ਗੰਭੀਰ ਲੱਛਣ ਪਾਏ ਗਏ ਸਨ। ਇਹ 116 ਮਰੀਜ਼ਾਂ ਦਾ 64.7 ਫ਼ੀਸਦੀ ਦਰਜ ਕੀਤਾ ਗਿਆ।

60 ਮਰੀਜ਼ ਅਜਿਹੇ ਜਿਨ੍ਹਾਂ ਦੀ 14 ਦਿਨਾਂ ’ਚ ਹੀ ਹੋ ਗਈ ਮੌਤ

ਸ਼ੋਧ ’ਚ ਸ਼ਾਮਲ ਕੀਤੇ ਗਏ 565 ਬਲੱਡ ਕੈਂਸਰ ਤੋਂ ਪੀਡ਼ਤ ਮਰੀਜ਼ਾਂ ’ਚੋਂ ਕੋਰੋਨਾ ਦੀ ਵਜ੍ਹਾ ਨਾਲ ਜਿਨ੍ਹਾਂ 116 ਮਰੀਜ਼ਾਂ ਦੀ ਮੌਤ ਹੋਈ, ਇਨ੍ਹਾਂ ’ਚੋਂ 60 ਮਰੀਜ਼ ਅਜਿਹੇ ਸਨ ਜਿਨ੍ਹਾਂ ਦੀ ਕੋਰੋਨਾ ਦੀ ਲਪੇਟ ’ਚ ਆਉਣ ਮਗਰੋਂ ਸਿਰਫ਼ 14 ਦਿਨਾਂ ਅੰਦਰ ਹੀ ਮੌਤ ਹੋ ਗਈ।

ਪੀਜੀਆਈ ਦੇ ਇਹ ਡਾਕਟਰ ਸ਼ੋਧ ’ਚ ਸਨ ਸ਼ਾਮਲ

ਸ਼ੋਧ ’ਚ ਪੀਜੀਆਈ ਦੇ ਇੰਟਰਨਲ ਮੈਡੀਸਿਨ ਵਿਭਾਗ ਦੇ ਪ੍ਰੋਫੈਸਰ ਅਹਿਰੰਤ ਜੈਨ ਤੇ ਪ੍ਰੋਫੈਸਰ ਪੰਕਜ ਮਲਹੋਤਰਾ ਸ਼ਾਮਲ ਹਨ। ਡਾ. ਅਰਿਹੰਤ ਜੈਨ ਇਸ ਸ਼ੋਧ ਦੇ ਪ੍ਰਮੁੱਖ ਲੇਖਕ ਹਨ। ਡਾ. ਅਰਿਹੰਤ ਜੈਨ ਨੇ ਦੱਸਿਆ ਕਿ ਇਸ ਸ਼ੋਧ ’ਚ ਜਿਨ੍ਹਾਂ 565 ਬਲੱਡ ਕੈਂਸਰ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਉਨ੍ਹਾਂ ’ਚ ਪੰਜਾਬ, ਹਰਿਆਣਾ, ਚੰਡੀਗਡ਼੍ਹ ਤੇ ਹਿਮਾਚਲ ਦੇ 90 ਕੈਂਸਰ ਪੀਡ਼ਤ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ 565 ਬਲੱਡ ਕੈਂਸਰ ਮਰੀਜ਼ਾਂ ’ਚ ਯੂਪੀ, ਰਾਜਸਥਾਨ, ਗੁਜਰਾਤ, ਜੰਮੂ-ਕਸ਼ਮੀਰ, ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚੋਂ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।

Posted By: Tejinder Thind