* ਦਿੱਲੀ ਤੋਂ ਪਰਤਿਆ ਸ਼ਖ਼ਸ ਮਿਲਿਆ ਕੋਰੋਨਾ ਪਾਜ਼ੇਟਿਵ, ਬਾਪੂਧਾਮ ਤੋਂ ਦੋ ਅੌਰਤਾਂ ਪਾਜ਼ੇਟਿਵ

ਜੇਐੱਨਐੱਨ, ਚੰਡੀਗੜ੍ਹ : ਇਕ ਪਾਸੇ ਲਾਕਡਾਊਨ-4 'ਚ ਰਾਹਤ ਦਾ ਫਾਇਦਾ ਚੁੱਕਣ ਲਈ ਲੋਕ ਮੰਗਲਵਾਰ ਸਵੇਰੇ ਹੀ ਹਜ਼ਾਰਾਂ ਦੀ ਗਿਣਤੀ 'ਚ ਨਿਕਲ ਪਏ। ਸੋਸ਼ਲ ਡਿਸਟੈਂਸਿੰਗ ਦੀ ਇਸ ਕਦਰ ਧੱਜੀਆਂ ਉਡੀਆਂ ਜਿਵੇਂ ਕੋਰੋਨਾ ਕਾਲ ਖ਼ਤਮ ਹੋ ਚੁੱਕਾ ਹੈ। ਉਥੇ ਦੂਜੇ ਪਾਸੇ ਕੋਰੋਨਾ ਲਾਗ ਨੇ ਨਵਾਂ ਡਰਾਉਣ ਵਾਲਾ ਅੰਕੜਾ ਛੋਹ ਲਿਆ। ਤਿੰਨ ਨਵੇਂ ਪਾਜ਼ੇਟਿਵ ਕੇਸ ਆਉਣ ਮਗਰੋਂ ਮੰਗਲਵਾਰ ਨੂੰ ਪੀੜਤਾਂ ਦੀ ਗਿਣਤੀ 200 ਹੋ ਗਈ। ਜੋ ਤਿੰਨ ਨਵੇਂ ਪਾਜ਼ੇਟਿਵ ਕੇਸ ਆਏ ਉਨ੍ਹਾਂ 'ਚ ਦੋ ਬਾਪੂਧਾਮ ਤੇ ਇਕ ਧਨਾਸ ਪੁਨਰਵਾਸ ਕਾਲੋਨੀ ਤੋਂ ਆਇਆ। ਬਾਪੂਧਾਮ ਕਾਲੋਨੀ ਵਾਸੀ 55 ਸਾਲਾ ਮਹਿਲਾ ਪਾਜ਼ੇਟਿਵ ਮਿਲੀ ਹੈ। ਮਹਿਲਾ ਦੇ ਜਾਣਕਾਰ ਪਹਿਲਾਂ ਹੀ ਵਾਇਰਸ ਤੋਂ ਪੀੜਤ ਹਨ। ਉਨ੍ਹਾਂ ਦੇ ਸੰਪਰਕ ਨਾਲ ਉਹ ਵੀ ਪਾਜ਼ੇਟਿਵ ਹੋਈ। ਇਸੇ ਇਲਾਕੇ ਦੀ 28 ਸਾਲਾ ਮੁਟਿਆਰ ਕੋਰੋਨਾ ਪਾਜ਼ੇਟਿਵ ਮਿਲੀ ਹੈ। ਮੁਟਿਆਰ ਨੂੰ ਆਪਣੇ ਜਾਣਕਾਰਾਂ ਤੋਂ ਹੀ ਇਨਫੈਕਸ਼ਨ ਹੋਇਆ। ਉਥੇ ਤੀਜਾ ਮਾਮਲਾ ਪੁਨਰਵਾਸ ਕਾਲੋਨੀ ਧਨਾਸ ਵਾਸੀ 34 ਸਾਲਾ ਨੌਜਵਾਨ ਦੇ ਪਾਜ਼ੇਟਿਵ ਹੋਣ ਦਾ ਆਇਆ। ਇਹ ਨੌਜਵਾਨ 17 ਮਈ ਨੂੰ ਹੀ ਦੋ ਮਹੀਨੇ ਰਹਿਣ ਮਗਰੋਂ ਦਿੱਲੀ ਤੋਂ ਚੰਡੀਗੜ੍ਹ ਪਰਤਿਆ ਸੀ। ਚੰਡੀਗੜ੍ਹ ਪੁੱਜਣ 'ਤੇ ਉਸ ਨੂੰ ਪਹਿਲਾਂ ਤੋਂ ਹੀ ਬੁਖਾਰ ਹੋਣ 'ਤੇ ਉਹ ਸਿੱਧੇ ਜੀਐੱਮਐੱਸਐੱਚ-16 ਪੁੱਜ ਗਿਆ। ਸੈਂਪਲ ਲੈਣ ਮਗਰੋਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਦੀ ਟੀਮ ਨੇ ਤੁਰੰਤ ਧਨਾਸ ਪੁੱਜ ਕੇ ਚਾਰ ਜਾਣਕਾਰਾਂ ਨੂੰ ਕੁਆਰੰਟਾਈਨ ਕੀਤਾ।

ਮਰੀਜ਼ ਠੀਕ ਹੋਏ

ਧਨਵੰਤਰੀ ਆਯੁਰਵੈਦਿਕ ਹਸਪਤਾਲ ਸੈਕਟਰ-46 ਦੇ ਕੋਵਿਡ ਕੇਅਰ ਸੈਂਟਰ ਤੋਂ 34 ਪਾਜ਼ੇਟਿਵ ਮਰੀਜ਼ ਡਿਸਚਾਰਜ ਹੋ ਗਏ ਹਨ। ਉਨ੍ਹਾਂ ਨੂੰ ਹੁਣ ਸੈਕਟਰ-22 ਸੂਦ ਧਰਮਸ਼ਾਲਾ 'ਚ ਬਣਾਏ ਗਏ ਪੋਸਟ ਡਿਸਚਾਰਜ ਸੈਂਟਰ 'ਚ ਸ਼ਿਫਟ ਕੀਤਾ ਗਿਆ ਹੈ। ਬਾਪੂਧਾਮ ਕਾਲੋਨੀ ਵਾਸੀ ਹਸਪਤਾਲ ਸਟਾਫ ਕੋਰੋਨਾ ਨਾਲ ਜੰਗ ਜਿੱਤਣ ਮਗਰੋਂ ਪੀਜੀਆਈ ਤੋਂ ਡਿਸਚਾਰਜ ਹੋਇਆ। 30 ਸਾਲਾ ਇਹ ਨੌਜਵਾਨ ਜੀਐੱਮਸੀਐੱਚ-32 ਦਾ ਉਥੇ ਦਾ ਵਾਰਡ ਸਰਵੈਂਟ ਦੱਸਿਆ ਜਾ ਰਿਹਾ ਹੈ, ਜਿਸ ਨਾਲ ਬਾਪੂਧਾਮ ਦੀ ਚੇਨ ਸ਼ੁਰੂ ਹੋਈ ਸੀ। ਬਾਪੂਧਾਮ ਦਾ ਹੀ ਇਕ 42 ਸਾਲਾ ਵਿਅਕਤੀ ਵੀ ਠੀਕ ਹੋ ਕੇ ਪਰਤਿਆ। ਇਹ ਬਾਪੂਧਾਮ ਇਲਾਕੇ 'ਚ ਹੀ ਕਿਸੇ ਦੇ ਸੰਪਰਕ 'ਚ ਆਉਣ ਨਾਲ ਪਾਜ਼ੇਟਿਵ ਹੋਇਆ ਸੀ। ਇਸੇ ਤਰ੍ਹਾਂ ਧਨਾਸ ਦੀ ਇਕ 60 ਸਾਲਾ ਮਹਿਲਾ ਵੀ ਕੋਰੋਨਾ ਨੂੰ ਮਾਤ ਦੇ ਕੇ ਪੀਜੀਆਈ ਤੋਂ ਡਿਸਚਾਰਜ ਹੋਈ। ਇਹ ਤਿੰਨੇ ਹੀ ਪੀਜੀਆਈ 'ਚ ਜ਼ੇਰੇ ਇਲਾਜ ਸਨ।

ਸ਼ਹਿਰ 'ਚ ਕੋਰੋਨਾ ਦਾ ਹਾਲ

ਕੁੱਲ ਕੇਸ 200

ਐਕਟਿਵ ਕੇਸ 140

ਹਾਲੇ ਤਕ ਠੀਕ ਹੋਏ 57

ਮੌਤ 03

ਸੈਂਪਲ ਟੈਸਟਿਡ 3031

ਨੈਗੇਟਿਵ ਸੈਂਪਲ 2783

ਸੈਂਪਲ, ਜਿਨ੍ਹਾ ਦੀ ਰਿਪੋਰਟ ਪੈਂਡਿੰਗ 48

ਸੈਂਪਲ ਰਿਜੈਕਟਡ 01