ਜੇਐੱਨਐੱਨ, ਚੰਡੀਗੜ੍ਹ

ਕਾਂਗਰਸੀ ਕੌਂਸਲਰ ਤੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਮੈਂਬਰ ਸ਼ੀਲਾ ਦੇਵੀ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਆਗੂਆਂ ਦੀ ਹਮੇਸ਼ਾ ਆਦਤ ਰਹੀ ਹੈ ਕਿ ਉਹ ਆਪਣੀਆਂ ਗ਼ਲਤੀਆਂ ਤੇ ਨਾਕਾਮੀਆਂ ਨੁੂੰ ਲੁਕਾਉਣ ਲਈ ਧਿਆਨ ਭਟਕਾਉਂਦੇ ਰਹਿੰਦੇ ਹਨ। ਸ਼ਹਿਰ ਦੇ ਮਸਲੇ ਹੱਲ ਕਰਨਾ ਤਾਂ ਦੂਰ ਹੈ ਸਗੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਵੀਡੀਓ ਜਾਰੀ ਕਰ ਕੇ ਇਹ ਸਾਬਤ ਕਰਨਾ ਪਿਆ ਹੈ ਕਿ ਉਹ ਸ਼ਹਿਰ ਵਿਚ ਹੀ ਹੈ। ਉਸ ਵੀਡੀਓ ਵਿਚ ਉਹ ਬੱਸ ਇਹੀ ਆਖ ਰਹੀ ਹੈ ਕਿ ਉਹ ਚੰਡੀਗੜ੍ਹ ਵਿਚ ਹੀ ਹੈ।

ਕੀ ਕਿਸੇ ਸੰਸਦ ਮੈਂਬਰ ਲਈ ਸਿਰਫ਼ ਸ਼ਹਿਰ ਵਿਚ ਹੋਣਾ ਹੀ ਕਾਫ਼ੀ ਹੁੰਦਾ ਹੈ? ਜੇ ਕੋਈ ਵੀਡੀਓ ਹੀ ਪਾਉਣਾ ਸੀ ਤਾਂ ਘੱਟੋ ਘੱਟ ਸਮੱਸਿਆ ਦਾ ਹੱਲ ਕਰਨ ਸਬੰਧੀ ਵੀਡੀਓ ਪਾਉਂਦੇ ਤਾਂ ਚੰਗਾ ਰਹਿਣਾ ਸੀ। ਸ਼ਹਿਰ ਦੀ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਾਲਾਤ ਬਾਰੇ ਸੋਚਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਕੌਂਸਲਰ ਤੇ ਸਾਬਕਾ ਡਿਪਟੀ ਮੇਅਰ ਰਾਜਬਾਲਾ ਮਲਿਕ ਦਾ ਕਹਿਣਾ ਹੈ ਕਿ ਪਵਨ ਕੁਮਾਰ ਬਾਂਸਲ ਦੇ ਸੰਸਦ ਮੈਂਬਰ ਹੁੰਦਿਆਂ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਕਦੇ ਵੀ ਫੰਡ ਦੀ ਕਮੀ ਨਹੀਂ ਆਈ ਸੀ। ਜਦੋਂ ਵੀ ਚੰਡੀਗੜ੍ਹ ਨੂੰ ਕਿਸੇ ਵੱਡੇ ਪ੍ਰਰਾਜੈਕਟ ਖਾਤਰ ਪੈਸੇ ਦੀ ਕਮੀ ਪੇਸ਼ ਆਈ ਜਾਂ ਨਿਗਮ ਦੇ ਸਾਹਮਣੇ ਧਨ ਦਾ ਸੰਕਟ ਆਇਆ ਤਾਂ ਬਾਂਸਲ ਕੇਂਦਰ ਸਰਕਾਰ ਤੋਂ ਪੈਸਾ ਲੈ ਕੇ ਆਏ ਤੇ ਕਦੇ ਕੋਈ ਕੰਮ ਰੁਕਣ ਨਹੀਂ ਦਿੱਤਾ ਸੀ। ਕਾਂਗਰਸ ਦੇ ਸਮੇਂ ਕਾਰਪੋਰੇਸ਼ਨ ਕੋਲ ਕਰੋੜਾਂ ਰੁਪਏ ਦੀ ਐੱਫਡੀ ਸੀ ਤੇ ਵਿਕਾਸ ਦਾ ਪਹੀਆ ਹਮੇਸ਼ਾ ਘੁੰਮਦਾ ਰਹਿੰਦਾ ਸੀ।