ਕੈਲਾਸ਼ ਨਾਥ, ਚੰਡੀਗੜ੍ਹ: ਅਬਜ਼ਰਵਰਾਂ ਦੀ ਲੰਮੀ ਚੌੜੀ ਫ਼ੌਜ ਅਤੇ ਲੰਮੇਂ ਵਿਚਾਰ ਵਟਾਂਦਰੇ ਦੇ ਬਾਵਜੂਦ ਅਖ਼ੀਰ ਕਾਂਗਰਸ ਵਿਚ ਟਿਕਟਾਂ ਦੀ ਵੰਡ ਕਰਨ ਵੇਲੇ ਵਿਧਾਇਕਾਂ ਦੀ ਚੱਲਣ ਵਾਲੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ਤਹਿਤ ਟਿਕਟਾਂ ਦੇਣ ਦੇ ਮਾਪਦੰਡ ਨੂੰ ਪਹਿਲੇ ਸਥਾਨ 'ਤੇ ਰੱਖਿਆ ਹੈ। ਇਸ ਨੂੰ ਪਾਰਟੀ ਦੀ ਮਜਬੂਰੀ ਆਖੀਏ ਜਾਂ ਮੌਕੇ ਦਾ ਤਕਾਜ਼ਾ ਪਰ ਟਿਕਟਾਂ ਦੀ ਵੰਡ ਦੇ ਆਖ਼ਰੀ ਦੌਰ ਵਿਚ ਕਾਂਗਰਸ ਪਾਰਟੀ 'ਤੇ ਪਸੰਦੀਦਾ ਵਿਅਕਤੀਆਂ ਨੂੰ ਟਿਕਟਾਂ ਦੇਣ ਦਾ ਦਬਾਅ ਹੈ।

ਜਾਣਕਾਰੀ ਮੁਤਾਬਕ ਕਾਂਗਰਸ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਸਾਰੇ ਉਮੀਦਵਾਰਾਂ ਦੇ ਨਾਂ ਬਾਰੇ ਐਲਾਨ ਕਰ ਦਵੇਗੀ। ਟਿਕਟਾਂ ਦੇ ਬਟਵਾਰੇ ਨੂੰ ਲੈ ਕੇ 80 ਫ਼ੀਸਦ ਤੋਂ ਵੱਧ ਆਮ-ਰਾਇ ਬਣ ਚੁੱਕੀ ਹੈ। ਟਿਕਟਾਂ ਦੀ ਵੰਡ ਤੋਂ ਪਹਿਲਾਂ ਪਾਰਟੀ ਨੇ ਹਰੇਕ ਚੋਣ ਹਲਕੇ ਵਿਚ ਅਬਜ਼ਰਵਰ ਲਾਏ ਸਨ ਤਾਂ ਜੋ ਪਾਰਟੀ ਨੂੰ ਫੀਡਬੈਕ ਮਿਲ ਸਕੇ। ਅਬਜ਼ਰਵਰਾਂ ਨੇ ਰਿਪੋਰਟ ਦੇ ਦਿੱਤੀ ਹੈ। ਜਿਵੇਂ ਕਿ ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜਿਵੇਂ ਜਿਵੇਂ ਸਮਾਂ ਅੱਗੇ ਵਧੇਗਾ, ਪਾਰਟੀ 'ਤੇ ਵਿਧਾਇਕਾਂ ਦਾ ਦਬਾਅ ਵਧੇਗਾ, ਹੋਇਆ ਵੀ ਇੰਝ ਹੀ। ਕਾਂਗਰਸ 'ਤੇ ਹੁਣ ਵਿਧਾਇਕਾਂ ਦੇ ਪਸੰਦੀਦਾ ਵਿਅਕਤੀਆਂ ਨੂੰ ਟਿਕਟਾਂ ਦੇਣ ਦਾ ਬਹੁਤ ਦਬਾਅ ਬਣ ਚੁੱਕਾ ਹੈ। 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਵਿਧਾਇਕ ਵੀ ਆਪਣੇ ਪਸੰਦੀਦਾ ਉਮੀਦਵਾਰ ਨੂੰ ਟਿਕਟ ਲੈ ਕੇ ਦੇਣਾ ਚਾਹੁੰਦੇ ਹਨ ਤਾਂ ਜੋ ਵਿਧਾਨ ਸਭਾ ਚੋਣਾਂ ਦੌਰਾਨ ਇੰਤਜ਼ਾਮ ਉਨ੍ਹਾਂ ਦੇ ਹੱਥਾਂ ਵਿਚ ਰਹਿਣ।

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ, ''ਵਿਧਾਇਕ ਵੀ ਪਾਰਟੀ ਦੇ ਹਨ, ਉਹ ਵੱਖ ਤਾਂ ਨਹੀਂ। ਸਲਾਹ ਤਾਂ ਸਭ ਦੀ ਲਈ ਜਾਂਦੀ ਹੈ। ਵਿਧਾਇਕਾਂ ਤੋਂ ਰਾਇ ਲਈ ਗਈ ਹੈ। ਟਿਕਟਾਂ ਦੀ ਵੰਡ ਵੇਲੇ ਕਈ ਮਾਪਦੰਡ ਹੁੰਦੇ ਹਨ, ਉਨ੍ਹਾਂ ਵਿਚ ਇਕ ਮਾਪਦੰਡ ਇਹ ਵੀ ਹੈ ਕਿ ਵਿਧਾਇਕਾਂ ਤੋਂ ਪੁੱਛ ਲਿਆ ਜਾਵੇ। ਪਾਰਟੀ ਨੇ ਅਬਜ਼ਰਵਰਾਂ ਤੋਂ ਰਾਇ ਮੰਗੀ ਹੈ ਤੇ ਜ਼ਿਲ੍ਹਾ ਪ੍ਰਧਾਨਾਂ ਤੋਂ ਵੀ ਪੁੱਿਛਆ ਹੈ। ਵਿਚਾਰ ਵਟਾਂਦਰੇ ਦਾ ਦੌਰ ਖ਼ਤਮ ਹੋਣ ਮਗਰੋਂ ਟਿਕਟਾਂ ਵੰਡੀਆਂ ਜਾਂਦੀਆਂ ਹਨ''।

ਪਤਾ ਲੱਗਾ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਆਪੋ-ਆਪਣੇ ਗਰੁੱਪਾਂ ਨੂੰ ਮਜ਼ਬੂਤ ਕਰਨ ਵਿਚ ਰੁੱਝੇ ਹਨ। ਉਥੇ ਇਹ ਮਸਲਾ ਕਾਂਗਰਸ ਦੇ ਖੇਮੇ ਵਿਚ ਇਸ ਕਾਰਨ ਵੱਧ ਨਜ਼ਰ ਆ ਰਿਹਾ ਹੈ ਕਿਉਂਜੋ ਕਾਂਗਰਸ ਦੇ 80 ਵਿਧਾਇਕ ਹਨ। ਇਹ ਵਿਧਾਨ ਸਭਾ ਵਿਚ ਬਹੁਮਤ ਦਾ ਦੋ-ਤਿਹਾਈ ਹਿੱਸਾ ਬਣਦਾ ਹੈ। ਉਥੇ ਕਾਂਗਰਸ ਵੀ 2022 ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੀ ਹੈ। ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਦਫ਼ਾ ਹੋਇਆ ਹੈ ਕਿ ਮੁਕਾਬਲਾ ਚਾਰ ਜਾਂ ਪੰਜ ਕੋਣੀ ਹੈ। ਕਾਂਗਰਸ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਬਾਅਦ ਵਿਚ ਕੋਈ ਵਿਧਾਇਕ ਇਹ ਦੋਸ਼ ਲਾਵੇ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੇਲੇ ਉਨ੍ਹਾਂ ਦੇ ਹੱਥ ਮਜ਼ਬੂਤ ਨਹੀਂ ਕੀਤੇ ਗਏ।