ਕੈਲਾਸ਼ ਨਾਥ, ਚੰਡੀਗਡ਼੍ਹ : 34 ਸਾਲ ਪੁਰਾਣੇ ਰੋਡਰੇਜ ਮਾਮਲੇ ’ਚ ਹੋਈ ਇਕ ਸਾਲ ਦੀ ਸਜ਼ਾ ਨੇ ਬੇਸ਼ੱਕ ਹੀ ਨਵਜੋਤ ਸਿੰਘ ਸਿੱਧੂ ਦੀ ਪਰੇਸ਼ਾਨੀ ਵਧਾ ਦਿੱਤੀ ਹੋਵੇ ਪਰ ਕਾਂਗਰਸ ਨੇ ਇਸ ਫ਼ੈਸਲੇ ਨਾਲ ਰਾਹਤ ਮਹਿਸੂਸ ਕੀਤੀ ਹੈ। ਸਿੱਧੂ ਪਾਰਟੀ ਦੀ ਇੱਛਾ ਤੋਂ ਬਿਨਾਂ ਪੰਜਾਬ ’ਚ ਆਪਣੇ ਹੀ ਪੱਧਰ ’ਤੇ ਸਰਗਰਮ ਨਜ਼ਰ ਆ ਰਹੇ ਸਨ। ਸਿੱਧੂ ਦੀ ਇਹ ਸਰਗਰਮੀ ਕਾਂਗਰਸ ਦੀਆਂ ਅੱਖਾਂ ’ਚ ਰਡ਼ਕ ਰਹੀ ਸੀ। ਅਜਿਹੇ ’ਚ ਸੁਪਰੀਮ ਕੋਰਟ ਵੱਲੋਂ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਉਣ ਨਾਲ ਕਾਂਗਰਸ ਦੇ ਕਈ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ। ਕਿਉਂਕਿ ਹੁਣ ਸ਼ਾਇਦ ਕਾਂਗਰਸ ਨੂੰ ਆਪਣੇ ਪੱਧਰ ’ਤੇ ਕਾਰਵਾਈ ਨਹੀਂ ਕਰਨੀ ਪਵੇਗੀ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦੇ ਤਾਜਪੋਸ਼ੀ ਸਮਾਰੋਹ ’ਚ ਸਿੱਧੂ ਨੇ ਸਟੇਜ ਸ਼ੇਅਰ ਨਹੀਂ ਕੀਤੀ ਸੀ। ਸਿੱਧੂ ਕਾਂਗਰਸ ਭਵਨ ਪਹੁੰਚੇ ਸਨ ਪਰ ਉਹ ਸਿਰਫ਼ ਵਡ਼ਿੰਗ ਨੂੰ ਵਧਾਈ ਦੇ ਕੇ ਉੱਥੋਂ ਨਿਕਲ ਗਏ ਸਨ। ਇਸ ਗੱਲ ਦੀ ਸ਼ਿਕਾਇਤ ਵਡ਼ਿੰਗ ਨੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੂੰ ਕੀਤੀ ਸੀ। ਹਰੀਸ਼ ਚੌਧਰੀ ਨੇ ਇਸ ਸਬੰਧੀ ਸੋਨੀਆ ਗਾਂਧੀ ਨੂੰ ਸਿੱਧੂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਨ ਲਈ ਲਿਖਿਆ ਸੀ। ਜਿਸ ’ਤੇ ਸੋਨੀਆ ਗਾਂਧੀ ਨੇ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੂੰ ਇਹ ਸ਼ਿਕਾਇਤ ਭੇਜ ਦਿੱਤੀ ਸੀ।

ਸੂਤਰਾਂ ਮੁਤਾਬਕ ਅਨੁਸ਼ਾਸਨ ਕਮੇਟੀ ਨੇ ਵੀ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਲਈ ਸੀ ਪਰ ਸੁਪਰੀਮ ਕੋਰਟ ਤੋਂ 34 ਸਾਲ ਪੁਰਾਣੇ ਰੋਡ ਰੋਜ ਮਾਮਲੇ ਦਾ ਫ਼ੈਸਲਾ ਆਉਣ ਤਕ ਦੀ ਉਡੀਕ ਕਰਦਿਆਂ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਨਹੀਂ ਕੀਤਾ ਸੀ। ਕਿਉਂਕਿ ਕਾਂਗਰਸ ਪਹਿਲਾਂ ਸੁਨੀਲ ਜਾਖਡ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਚੁੱਕੀ ਸੀ ਜਿਸ ਦਾ ਜਾਖਡ਼ ਨੇ ਜਵਾਬ ਨਹੀਂ ਦਿੱਤਾ ਸੀ। ਇਸ ਕਾਰਨ ਕਾਂਗਰਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਸੀ। ਇਸ ਕਾਰਨ ਪਾਰਟੀ ਇਹ ਦੇਖ ਰਹੀ ਸੀ ਕਿ ਸੁਪਰੀਮ ਕੋਰਟ ਤੋਂ ਕੀ ਫ਼ੈਸਲਾ ਆਉਂਦਾ ਹੈ ਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇ। ਸੂਤਰ ਦੱਸਦੇ ਹਨ ਕਿ ਜੇਕਰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਿੱਧੂ ਨੂੰ ਜੇਲ੍ਹ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਲਈ ਪਾਰਟੀ ਕੋਲ ਪੂਰਾ ਮੌਕਾ ਹੋਵੇਗਾ। ਇਸ ਨਾਲ ਕਾਂਗਰਸ ’ਤੇ ਕੋਈ ਦੋਸ਼ ਵੀ ਨਹੀਂ ਲੱਗੇਗਾ। ਜੇਕਰ ਪਾਰਟੀ ਸਿੱਧੂ ’ਤੇ ਕਾਰਵਾਈ ਕਰਦੀ ਤਾਂ ਵਰਕਰਾਂ ਦੀ ਹਮਦਰਦੀ ਸਿੱਧੂ ਪ੍ਰਤੀ ਵੀ ਹੋ ਸਕਦੀ ਸੀ। ਇਹੀ ਕਾਰਨ ਹੈ ਕਿ ਪਾਰਟੀ ਨੇ ਹੁਣ ਰਾਹਤ ਮਹਿਸੂਸ ਕੀਤੀ ਹੈ।

ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਹਮਲਾਵਰ ਤੇਵਰ ਕਾਰਨ ਸਿੱਧੂ ਕਾਂਗਰਸ ਦੀਆਂ ਅੱਖਾਂ ’ਚ ਰਡ਼ਕਣ ਲੱਗੇ ਸਨ। ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਸਿੱਧੂ ਨੂੰ ਹਾਰ ਦਾ ਦੋਸ਼ੀ ਮੰਨਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਿੱਧੂ ਤੋਂ ਸੂਬਾ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ। ਅਸਤੀਫ਼ਾ ਦੇਣ ਦੇ ਬਾਜਵੂਦ ਸਿੱਧੂ ਬਤੌਰ ਕਾਂਗਰਸੀ ਆਗੂ ਫੀਲਡ ’ਚ ਸਰਗਰਮ ਸਨ। ਉਨ੍ਹਾਂ ਨੇ ਬਕਾਇਦਾ ਸਾਬਕਾ ਵਿਧਾਇਕਾਂ ਨੂੰ ਨਾਲ ਲੈ ਕੇ ਆਪਣਾ ਗੁਟ ਤਿਆਰ ਕਰ ਲਿਆ ਸੀ ਤੇ ਇਸ ਨਾਲ ਕਾਂਗਰਸ ਕਾਫ਼ੀ ਅਸਹਿਜ ਸੀ।

Posted By: Tejinder Thind