ਜ. ਸ., ਚੰਡੀਗੜ੍ਹ : ਇਸ ਸਮੇਂ ਸ਼ਹਿਰ 'ਚ ਲੱਗੇ ਨਾਜਾਇਜ਼ ਹੋਰਡਿੰਗਜ਼ ਅਤੇ ਵਿਗਿਆਪਨ ਬੋਰਡਾਂ ਨੂੰ ਲੈ ਕੇ ਉਦਯੋਗ ਵਪਾਰ ਮੰਡਲ ਦੇ ਅਧਿਕਾਰੀ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਦੇ ਨਾਲ ਮੇਅਰ ਕਰਬਜੀਤ ਕੌਰ ਨੂੰ ਮਿਲੇ। ਪ੍ਰਤੀਨਿਧੀ ਮੰਡਲ 'ਚ ਇਨ੍ਹਾਂ ਤੋਂ ਇਲਾਵਾ ਪਾਲਿਕਾ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਨਰੇਸ਼ ਕੁਮਾਰ ਜੈਨ, ਸਦਰ ਬਾਜ਼ਾਰ ਸੈਕਟਰ-19 ਦੇ ਪ੍ਰਧਾਨ ਵਿਜੈਪਾਲ ਸਿੰਘ ਚੌਧਰੀ, ਜਨਤਾ ਮਾਰਕੀਟ ਸੈਕਟਰ-27 ਦੇ ਪ੍ਰਧਾਨ ਸੁਰਿੰਦਰ ਸਿੰਘ ਦੁਆ ਅਤੇ ਮਾਰਕੀਟ ਕਾਜਰਕਾਰਨੀ ਦੇ ਮੈਂਬਰ ਤਰਣਜੀਤ ਸਿੰਘ ਸਣੇ ਹੋਰ ਦੁਕਾਨਦਾਰ ਸ਼ਾਮਲ ਸਨ।

ਇਸ ਮੌਕੇ ਉਨ੍ਹਾਂ ਮੇਅਰ ਨੂੰ ਦੱਸਿਆ ਕਿ ਦੁਕਾਨਦਾਰਾਂ ਨੂੰ ਡਿਸਪਲੇਅ ਬੋਰਡ ਲਗਾਉਣ ਦੇ ਇਵਜ਼ 'ਚ ਭਾਰੀ ਜੁਰਮਾਨੇ ਭੇਜੇ ਜਾ ਰਹੇ ਹਨ, ਜਦਕਿ ਇਹ ਬੋਰਡ ਵੱਖ-ਵੱਖ ਕੰਪਨੀਆਂ ਦੇ ਹਨ ਅਤੇ ਉਨ੍ਹਾਂ ਦੀ ਮਸ਼ਹੂਰੀ ਹੋ ਰਹੀ ਹੈ। ਇਸ ਲਈ ਇਹ ਨੋਟਿਸ ਦੁਕਾਨਦਾਰਾਂ ਨੂੰ ਨਹੀਂ, ਸਗੋਂ ਕੰਪਨੀਆਂ ਨੂੰ ਭੇਜੇ ਜਾਣੇ ਚਾਹੀਦੇ ਹਨ ਅਤੇ ਜੁਰਮਾਨਾ ਵੀ ਉਨ੍ਹਾਂ ਤੋਂ ਹੀ ਵਸੂਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਯੂਵੀਐੱਮ ਪ੍ਰਧਾਨ ਕੈਲਾਸ਼ ਚੰਦ ਜੈਨ ਨੇ ਕਿਹਾ ਕਿ ਜੋ ਬੋਰਡ ਗਲਤ ਲੱਗੇ ਵੀ ਹੋਏ ਹਨ ਤਾਂ ਉਨ੍ਹਾਂ ਨੂੰ ਉਤਾਰਨ ਦੇ ਲਈ ਦੁਕਾਨਦਾਰ ਨੂੰ ਬਿਨਾਂ ਕਿਸੇ ਐਡਵਰਡਾਈਜ਼ਮੈਂਟ ਫੀਸ ਤੋਂ ਪਹਿਲਾਂ ਉਤਾਰਨ ਲਈ ਚੇਤਾਵਨੀ ਨੋਟਿਸ ਦੇਣਾ ਚਾਹੀਦਾ ਹੈ।

ਬੋਰਡ ਉਤਾਰਨ ਲਈ ਦੁਕਾਨਦਾਰ ਨੂੰ ਘੱਟੋ-ਘੱਟ 10 ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਦੁਕਾਨਦਾਰ ਬੋਰਡ ਨਹੀਂ ਉਤਾਰਦਾ ਤਾਂ ਉਸ ਨੂੰ ਵਾਰਨਿੰਗ ਨੋਟਿਸ ਦਾ ਸਮਾਂ ਖਤਮ ਹੋਣ ਤੋਂ ਬਾਅਦ ਬੋਰਡ ਉਤਾਰਨ ਤਕ ਦੇ ਸਮੇਂ ਦੀ ਫੀਸ ਦਾ ਡਿਮਾਂਡ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ।