ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਸੂਬੇ ਦੇ ਸਰਹੱਦੀ ਜ਼ਿਲਿ੍ਆਂ ਤੇ ਕੰਢੀ ਇਲਾਕਿਆਂ 'ਚ ਨਿਵੇਸ਼ ਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਰਿਆਇਤਾਂ ਦੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨੂੰ ਆਮਦਨ ਕਰ ਤੋਂ ਛੋਟ, ਕੇਂਦਰੀ ਵਸਤਾਂ ਤੇ ਵਿਕਰੀ ਕਰਾਂ ਦੀ ਭਰਪਾਈ ਤੇ ਭਾੜਾ ਸਬਸਿਡੀ ਦੇ ਰੂਪ 'ਚ ਅਜਿਹੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਮੁੰਦਰੀ ਬੰਦਰਗਾਹਾਂ ਤੋਂ ਵਾਂਝਾ ਹੋਣ, ਵੈਰ ਦੀ ਭਾਵਨਾ ਰੱਖਣ ਵਾਲੇ ਗੁਆਂਢੀ ਮੁਲਕ ਦੀ ਲੰਮੀ ਸਰਹੱਦ ਜੁੜਨ ਤੇ ਬਾਹਰੀ ਤਾਕਤਾਂ ਦੀ ਸ਼ਹਿ ਪ੍ਰਾਪਤ ਅਤਿਵਾਦ ਦੇ ਝੱਲੇ ਸੰਤਾਪ ਤੇ ਗੁਆਂਢੀ ਸੂਬਿਆਂ ਨੂੰ ਦਿੱਤੀਆਂ ਰਿਆਇਤਾਂ ਵਰਗੇ ਕਾਰਨਾਂ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ, ਜਿਸ ਕਰਕੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਸੂਬੇ ਨੂੰ ਵਿਸ਼ੇਸ਼ ਰਿਆਇਤਾਂ ਦਿੱਤੇ ਜਾਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਪੰਜਾਬ 'ਚ ਰੁਜ਼ਗਾਰ ਦੇ ਮੌਕਿਆਂ 'ਚ ਸੁਧਾਰ ਲਿਆ ਕੇ ਸਮੂਹਿਕ ਵਿਕਾਸ ਦੀ ਲੋੜ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਉਦਯੋਗਿਕ ਯੂਨਿਟਾਂ ਨੂੰ ਆਕਰਸ਼ਿਤ ਰਿਆਇਤਾਂ ਦੀ ਪੇਸ਼ਕਸ਼ ਕਰਦੀ ਪ੍ਰਗਤੀਸ਼ੀਲ ਉਦਯੋਗਿਕ ਤੇ ਵਪਾਰਕ ਵਿਕਾਸ ਨੀਤੀ ਤਿਆਰ ਕੀਤੀ ਤਾਂ ਜੋ ਸੂਬੇ 'ਚ ਨਵੇਂ ਉਦਯੋਗਿਕ ਨਿਵੇਸ਼ ਨੂੰ ਖਿੱਚਿਆ ਜਾ ਸਕੇ। ਮੁੱਖ ਮੰਤਰੀ ਨੇ ਨਵੀਂ ਉਦਯੋਗਿਕ ਨੀਤੀ ਲਈ ਸੂਬਿਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰਨ ਦੇ ਕਦਮ ਲਈ ਕੇਂਦਰੀ ਮੰਤਰੀ ਪਿਊਸ ਗੋਇਲ ਨੂੰ ਵਧਾਈ ਦਿੱਤੀ ਹੈ।