ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਵਧਾਈ..ਕੱਲ੍ਹ ਬੰਨ੍ਹਣਗੇ ਸਿਹਰਾ। ਸੂਤਰਾਂ ਮੁਤਾਬਕ ਮਾਨ ਵੀਰਵਾਰ ਨੂੰ ਚੰਡੀਗੜ੍ਹ 'ਚ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। ਵਿਆਹ ਸਮਾਗਮ 'ਚ ਸਿਰਫ਼ ਸੀਮਤ ਗਿਣਤੀ 'ਚ ਲੋਕ ਸ਼ਾਮਲ ਹੋਣਗੇ। ਅਰਵਿੰਦ ਕੇਜਰੀਵਾਲ (Arvind Kejriwal) ਪਰਿਵਾਰ ਸਮੇਤ ਵਿਆਹ 'ਚ ਸ਼ਾਮਲ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਮਾਨ ਦੀ ਮਾਤਾ ਤੇ ਭੈਣ ਨੇ ਡਾ. ਗੁਰਪ੍ਰੀਤ ਕੌਰ ਨੂੰ ਚੁਣਿਆ ਹੈ। ਉਹ ਚਾਹੁੰਦੇ ਸਨ ਕਿ ਭਗਵੰਤ ਮਾਨ ਦੁਬਾਰਾ ਆਪਣਾ ਘਰ ਵਸਾ ਲੈਣ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਵਿਆਹ ਉਨ੍ਹਾਂ ਦੀ ਰਿਹਾਇਸ਼ 'ਤੇ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੌਰ ਪਿਛਲੇ ਡੇਢ ਸਾਲ ਤੋਂ ਕਾਫੀ ਨੇੜੇ ਸਨ। ਇਹ ਵੀ ਪਤਾ ਲੱਗਾ ਹੈ ਕਿ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਦੀ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀਆਂ ਰਸਮਾਂ ਨੂੰ ਬੇਹੱਦ ਨਿੱਜੀ ਰੱਖਿਆ ਗਿਆ ਹੈ। ਗੁਰਪ੍ਰੀਤ ਕੌਰ ਤੇ ਭਗਵੰਤ ਮਾਨ ਦਾ ਪਰਿਵਾਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦਾ ਹੈ। ਗੁਰਪ੍ਰੀਤ ਕੌਰ ਅਕਸਰ ਹੀ ਭਗਵੰਤ ਮਾਨ ਦੀ ਭੈਣ ਨਾਲ ਖਰੀਦਦਾਰੀ ਆਦਿ ਲਈ ਜਾਂਦੀ ਸੀ।

ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਕਰੀਬ ਸੱਤ ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਮਾਨ ਦੀ ਪਹਿਲੀ ਪਤਨੀ ਤੋਂ ਇਕ ਬੇਟੀ ਤੇ ਇੱਕ ਪੁੱਤਰ ਹਨ। ਦੋਵੇਂ ਆਪਣੀ ਮਾਂ ਨਾਲ ਵਿਦੇਸ਼ ਰਹਿੰਦੇ ਹਨ। ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਦੋਵੇਂ ਆਪਣੇ ਪਿਤਾ ਨੂੰ ਮਿਲਣ ਲਈ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਸਨ।

ਆਪਣੇ ਸਹੁੰ ਚੁੱਕ ਸਮਾਗਮ 'ਚ ਆਪਣੀ ਬੇਟੀ ਤੇ ਬੇਟੇ ਨੂੰ ਦੇਖ ਕੇ ਭਗਵੰਤ ਮਾਨ ਕਾਫੀ ਭਾਵੁਕ ਹੋਏ ਸਨ। ਉਨ੍ਹਾਂ ਆਪਣੇ ਦੋਵਾਂ ਬੱਚਿਆਂ ਨੂੰ ਜੱਫੀ ਪਾ ਲਈ ਸੀ। ਦੋਵੇਂ ਬੱਚੇ ਅਮਰੀਕਾ 'ਚ ਪੜ੍ਹ ਰਹੇ ਹਨ। ਸਾਲ 2014 'ਚ ਜਦੋਂ ਭਗਵੰਤ ਮਾਨ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਸੀ ਤਾਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਵੀ ਉਨ੍ਹਾਂ ਲਈ ਚੋਣ ਪ੍ਰਚਾਰ ਕਰਦੀ ਨਜ਼ਰ ਆਈ ਸੀ। ਹਾਲਾਂਕਿ ਬਾਅਦ 'ਚ ਦੋਵੇਂ ਵੱਖ ਹੋ ਗਏ। ਇੰਦਰਪ੍ਰੀਤ ਕੌਰ ਦੋਵੇਂ ਬੱਚਿਆਂ ਨਾਲ ਅਮਰੀਕਾ ਚਲੀ ਗਈ ਸੀ।

Posted By: Seema Anand