ਆਨਲਾਈਨ ਡੈਸਕ, ਚੰਡੀਗੜ੍ਹ : ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।

ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦੇ ਸਟੇਟ ਐਗਰੀ ਪ੍ਰਾਈਸ (ਐਸਏਪੀ) ਵਿੱਚ 20 ਰੁਪਏ ਪ੍ਰਤੀ ਕੁਇੰਟਲ ਹੋਰ ਵਾਧਾ ਮਿਲੇਗਾ, ਜਿਸ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਹੋਵੇਗਾ। 360 ਰੁਪਏ ਪ੍ਰਤੀ ਕੁਇੰਟਲ ਤੋਂ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਫੈਸਲੇ ਨਾਲ ਸਰਕਾਰ ਨੂੰ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਖਜ਼ਾਨੇ ਤੋਂ ਹੋਵੇਗਾ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਕਿਸਾਨ ਗੰਨੇ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਪਰ ਪਿਛਲੇ ਸਮੇਂ ਵਿੱਚ ਫਸਲ ਦਾ ਢੁੱਕਵਾਂ ਮੁੱਲ ਅਤੇ ਸਮੇਂ ਸਿਰ ਭੁਗਤਾਨ ਨਾ ਮਿਲਣ ਕਾਰਨ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ।

ਪੰਜਾਬ ਵਿੱਚ 1.25 ਲੱਖ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਗੰਨੇ ਦੀ ਖੇਤੀ

ਪੰਜਾਬ ਵਿੱਚ ਇਸ ਸਮੇਂ ਸਿਰਫ਼ 1.25 ਲੱਖ ਹੈਕਟੇਅਰ ਰਕਬਾ ਹੀ ਗੰਨੇ ਦੀ ਕਾਸ਼ਤ ਅਧੀਨ ਹੈ ਜਦੋਂ ਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬਾ ਗੰਨੇ ਦੀ ਪਿੜਾਈ ਕਰਨ ਦੀ ਹੈ। ਇਸ ਕਾਰਨ ਮੈਂ ਗੰਨਾ ਉਤਪਾਦਕ ਕਿਸਾਨਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਕੀਮਤ ਵਧਾਉਣ ਦਾ ਐਲਾਨ ਕਰਦਾ ਹਾਂ।

ਨਿੱਜੀ ਖੰਡ ਮਿੱਲ ਮਾਲਕਾਂ ਦੀ ਜਾਇਦਾਦ ਕੀਤੀ ਜਾਵੇਗੀ ਜ਼ਬਤ

ਕਿਸਾਨਾਂ ਦੇ ਗੰਨੇ ਦੀ ਅਦਾਇਗੀ ਸਬੰਧੀ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦੇ ਸਮੁੱਚੇ ਬਕਾਏ ਕਲੀਅਰ ਕਰ ਦਿੱਤੇ ਹਨ। ਇੱਕ-ਦੋ ਨਿੱਜੀ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ, ਪਰ ਕਿਸਾਨਾਂ ਦੇ ਹਿੱਤਾਂ ਦਾ ਖ਼ਿਆਲ ਰੱਖਣ ਦੀ ਬਜਾਏ ਇਨ੍ਹਾਂ ਮਿੱਲਾਂ ਦੇ ਮਾਲਕ ਵਿਦੇਸ਼ਾਂ ਨੂੰ ਭੱਜ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Posted By: Jagjit Singh