ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ 34 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦਾ ਸ਼ੁੱਕਰਵਾਰ ਨੂੰ ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਮੌਕੇ ਸਨਮਾਨ ਕੀਤਾ।

ਮੁੱਖ ਮੰਤਰੀ ਨੇ ਸਾਰਿਆਂ ਨੂੰ 'ਮਾਣ ਪੱਤਰ' ਦੇ ਕੇ ਸਨਮਾਨਿਤ ਕੀਤਾ। ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸ਼ਹੀਦ ਪਰਿਵਾਰਾਂ ਦੀ ਭਲਾਈ ਨੂੰ ਪਹਿਲ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਨ੍ਹਾਂ ਬਹਾਦਰ ਸੂਰਮਿਆਂ 'ਤੇ ਸਮੁੱਚੇ ਦੇਸ਼ ਨੂੰ ਮਾਣ ਹੈ।

ਮੁੱਖ ਮੰਤਰੀ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਕਿਹਾ ਕਿ ਉਹ ਇਕ ਸੋਧੀ ਹੋਈ ਨੀਤੀ ਤਿਆਰ ਕਰੇ, ਜਿਸ ਵਿਚ ਸ਼ਹੀਦ ਦੇ ਯੋਗ ਪਰਿਵਾਰਕ ਮੈਂਬਰ ਨੂੰ ਨੌਕਰੀ ਉਪਰੰਤ ਵਿੱਦਿਅਕ ਯੋਗਤਾ ਵਿਚ ਵਾਧਾ ਕਰਨ ਦੀ ਸੂਰਤ ਵਿਚ ਉੱਚੇ ਰੈਂਕ ਦੀ ਨੌਕਰੀ ਦਿੱਤੀ ਜਾ ਸਕੇ। ਇਸੇ ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ (ਸੇਵਾਮੁਕਤ) ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਹਾਲ ਹੀ ਵਿਚ ਰੱਖਿਆ ਸੇਵਾਵਾਂ 'ਚ ਸੇਵਾ ਨਿਭਾਉਂਦਿਆਂ ਜਿਨ੍ਹਾਂ ਸੈਨਿਕਾਂ ਨੇ ਆਪਣੀ ਜਾਨ ਨਿਛਾਵਰ ਕੀਤੀ ਹੈ, ਉਨ੍ਹਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਜਲਦੀ ਹੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ 9 ਕੇਸ ਸੂਬਾ ਸਰਕਾਰ ਦੇ ਵਿਚਾਰ ਅਧੀਨ ਹਨ, ਜਿਨ੍ਹਾਂ 'ਚੋਂ ਚਾਰ ਕੇਸਾਂ ਵਿੱਚ ਅਗਲੇ ਵਾਰਸ ਨੂੰ ਜਲਦ ਹੀ ਨੌਕਰੀ ਦਿੱਤੀ ਜਾ ਰਹੀ ਹੈ। ਬਾਕੀ 5 ਕੇਸਾਂ 'ਤੇ ਕੰਮ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਫੌਜ ਵੱਲੋਂ ਜੰਗ ਦੌਰਾਨ ਸ਼ਹੀਦ ਹੋਣ ਦਾ ਸਰਟੀਫਿਕੇਟ (ਜਿਹੜਾ ਕਿ ਨੌਕਰੀ ਲਈ ਜ਼ਰੂਰੀ ਹੈ) ਜਾਰੀ ਕਰਨ ਉਪਰੰਤ ਨੌਕਰੀ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ 'ਮਾਣ ਤੇ ਸਨਮਾਨ' ਨੀਤੀ ਤਹਿਤ ਸ਼ਹੀਦ ਫੌਜੀ ਦੇ ਵਾਰਸ ਨੂੰ ਨੌਕਰੀ ਦੇਣ ਤੋਂ ਇਲਾਵਾ ਅਣਵਿਆਹੇ ਮਾਮਲੇ 'ਚ 10 ਲੱਖ ਰੁਪਏ ਤੇ ਵਿਆਹੇ ਹੋਏ ਫੌਜੀ ਦੇ ਪਰਿਵਾਰ ਲਈ 12 ਲੱਖ ਰੁਪਏ ਦੀ ਸਹਾਇਤਾ ਸ਼ਾਮਲ ਹੈ।

Posted By: Seema Anand