Punjab New CM Name : ਕੈਲਾਸ਼ ਨਾਥ, ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ (Charanjit Singh Channi) ਪੰਜਾਬ ਸਰਕਾਰ ਦੇ ਨਵੇਂ ‘ਸਰਦਾਰ’ ਬਣ ਗਏ ਹਨ। ਕਾਂਗਰਸ ਪਾਰਟੀ ਨੇ ਦਲਿਤ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਕੈਬਨਿਟ ਮੰਤਰੀ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਹੈ। ਚਮਕੌਰ ਸਾਹਿਬ ਤੋਂ ਤੀਜੀ ਵਾਰ ਚੋਣ ਜਿੱਤ ਚੁੱਕੇ ਚੰਨੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ’ਚ ਪਹਿਲੇ ਦਲਿਤ ਮੁੱਖ ਮੰਤਰੀ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਚੰਨੀ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਜਾਣਕਾਰੀ ਦਿੱਤੀ। ਚੰਨੀ ਨੇ ਦੇਰ ਸ਼ਾਮ ਨੂੰ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਆਪਣਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।

ਨਵੇਂ ਮੁੱਖ ਮੰਤਰੀ ਸੋਮਵਾਰ 20 ਸਤੰਬਰ ਨੂੰ 11 ਵਜੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਖਰੜ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਤੋਂ ਸਿਆਸੀ ਯਾਤਰਾ ਸ਼ੁਰੂ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ ਹਨ। ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਕਰੀਬ 35 ਫ਼ੀਸਦੀ ਦਲਿਤ ਅਬਾਦੀ ਨੂੰ ਨਾ ਸਿਰਫ਼ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਬਲਕਿ ਭਾਰਤੀ ਜਨਤਾ ਪਾਰਟੀ ਵੱਲੋਂ ਦਲਿਤ ਮੁੱਖ ਮੰਤਰੀ ਦਾ ਏਜੰਡਾ ਅੱਗੇ ਵਧਾਉਣ ਵਾਲੀ ਧਾਰ ਨੂੰ ਖੁੰਢਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਕਾਂਗਰਸ ਨੇ ਅਕਾਲੀ ਦਲ ਵੱਲੋਂ ਦਲਿਤ ਉਪ ਮੁੱਖ ਮੰਤਰੀ ਦੇ ਐਲਾਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਧਰ ਕਾਂਗਰਸ ਨੇ ਪੰਜਾਬ ’ਚ ਜੱਟ ਮੁੱਖ ਮੰਤਰੀ ਦੀ ਧਾਰਨਾ ਨੂੰ ਵੀ ਤੋੜ ਦਿੱਤਾ ਹੈ। ਕਿਉਂਕਿ ਪੰਜਾਬ ’ਚ ਅਜੇ ਤਕ ਮੁੱਖ ਮੰਤਰੀ ਦੀ ਕੁਰਸੀ ’ਤੇ ਹਮੇਸ਼ਾ ਹੀ ਜੱਟ ਸਿੱਖ ਹੀ ਮੁੱਖ ਮੰਤਰੀ ਬਣਦਾ ਰਿਹਾ ਹੈ। ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ’ਚ ਸ਼ਨਿਚਰਵਾਰ ਤੋਂ ਹੀ ਕਾਫ਼ੀ ਖਿੱਚੋਤਾਣ ਚੱਲ ਰਹੀ ਸੀ। ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਸੁਨੀਲ ਜਾਖੜ ਦਾ ਨਾਂ ਸਾਹਮਣੇ ਆਇਆ ਸੀ ਜਿਸ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧ ਕੀਤਾ। ਇਸੇ ਮੌਕੇ ਚੰਨੀ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਜਦਕਿ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਦਰ ਦਿੱਤੀ ਸੀ। ਸਵੇਰ ਤੋਂ ਹੀ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਆਬਜ਼ਰਵਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵਿਧਾਇਕਾਂ ਤੋਂ ਫੀਡਬੈਕ ਲੈ ਰਹੇ ਸਨ। ਇਸ ਫੀਡਬੈਕ ’ਚ ਸੁਨੀਲ ਜਾਖੜ ਸਭ ਤੋਂ ਅੱਗੇ ਚੱਲ ਰਹੇ ਸਨ ਜਦਕਿ ਰੰਧਾਵਾ ਦੂਜੇ ਨੰਬਰ ’ਤੇ ਚੱਲ ਰਹੇ ਸਨ। ਸਿੱਧੂ ਨੇ ਰੰਧਾਵਾ ਦੇ ਨਾਂ ਦਾ ਵਿਰੋਧ ਕਰ ਦਿੱਤਾ। ਹਾਲਾਂਕਿ ਇਸ ਦਰਮਿਆਨ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਇਸ ਨੂੰ ਸਿਹਤ ਦਾ ਹਵਾਲਾ ਦਿੰਦਿਆਂ ਅਸਵੀਕਾਰ ਕਰ ਦਿੱਤਾ। ਗਾਂਧੀ ਪਰਿਵਾਰ ਦੇ ਕਰੀਬੀ ਅੰਬਿਕਾ ਸੋਨੀ ਨੇ ਉਸੇ ਵੇਲੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ’ਚ ਸਿੱਖ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਜਾਖੜ ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋ ਗਏ। ਸਿੱਧੂ ਤੇ ਰੰਧਾਵਾ ਦੀ ਖਿੱਚੋਤਾਣ ਦਰਮਿਆਨ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਆਖਰ ਵਿਰੋਧੀ ਪਾਰਟੀਆਂ ਵੱਲੋਂ ਦਲਿਤ ਵਰਗ ਨੂੰ ਲੈ ਕੇ ਕੀਤੇ ਗਏ ਐਲਾਨਾਂ ਦਰਮਿਆਨ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ।

ਉਧਰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਚਰਨਜੀਤ ਸਿੰਘ ਚੰਨੀ ਨੇ ਸੂਬਾ ਪ੍ਰਧਾਨ ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਇਕ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਨਾਲ ਰਾਜਪਾਲ ਨਾਲ ਮੁਲਾਕਾਤ ਕਰ ਕੇ ਕਾਂਗਰਸ ਵਿਧਾਇਕ ਦਲ ਦਾ ਪੱਤਰ ਸੌਂਪ ਦਿੱਤਾ। ਸੋਮਵਾਰ ਨੂੰ 11 ਵਜੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦੇ ਦੀ ਸਹੁੰ ਚੁੱਕਣਗੇ।

ਚੰਨੀ ਦੀ ਜਾਣ-ਪਛਾਣ

15 ਮਾਰਚ 1963 ਨੂੰ ਜਨਮੇ ਚਰਨਜੀਤ ਸਿੰਘ ਚੰਨੀ ਤਿੰਨ ਵਾਰ ਕੌਂਸਲਰ ਰਹੇ। ਦੋ ਵਾਰ ਮਿਊਂਸਪਲ ਕੌਂਸਲ ਖਰੜ ਦੇ ਪ੍ਰਧਾਨ ਰਹੇ। 2007 ’ਚ ਚਮਕੌਰ ਸਾਹਿਬ ਤੋਂ ਚੰਨੀ ਆਜ਼ਾਦ ਜਿੱਤ ਕੇ ਪੰਜਾਬ ਵਿਧਾਨ ਸਭਾ ’ਚ ਪੁੱਜੇ। ਬਾਅਦ ’ਚ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਤੇ 2012-2017 ’ਚ ਉਹ ਕਾਂਗਰਸ ਦੀ ਟਿਕਟ ’ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤੇ। 2015 ’ਚ ਕਾਂਗਰਸ ਨੇ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ। 2017 ’ਚ ਚੰਨੀ ਨੂੰ ਪਹਿਲੀ ਵਾਰ ਕੈਬਨਿਟ ਮੰਤਰੀ ਬਣਾਇਆ ਗਿਆ। ਮੌਜੂਜਾ ਸਮੇਂ ਉਨ੍ਹਾਂ ਕੋਲ ਤਕਨੀਕੀ ਸਿੱਖਿਆ, ਇੰਡਸਟ੍ਰੀਅਲ ਟ੍ਰੇਨਿੰਗ, ਰੁਜ਼ਗਾਰ ਸਿਰਜਣ, ਟੂਰਿਜ਼ਮ ਤੇ ਕਲਚਰ ਅਫੇਅਰ ਵਿਭਾਗ ਸੀ।

ਵਿੱਦਿਅਕ ਯੋਗਤਾ : ਬੀਏ, ਐੱਲਐੱਲਬੀ ਤੇ ਐੱਮਬੀਏ

ਪਤਨੀ ਦਾ ਨਾਂ : ਡਾ. ਕਮਲਜੀਤ ਕੌਰ

ਵਿਵਾਦਾਂ ਨਾਲ ਵੀ ਰਿਹਾ ਹੈ ਚੰਨੀ ਦਾ ਨਾਤਾ

  • ਬਤੌਰ ਵਿਰੋਧੀ ਧਿਰ ਨੇਤਾ ਚਰਨਜੀਤ ਸਿੰਘ ਚੰਨੀ ਨੇ ਤੱਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ’ਚ ਕਰਵਾਏ ਗਏ ਕੰਮਕਾਰ ਦਾ ਵੇਰਵਾ ਪੁੱਛੇ ਜਾਣ ’ਤੇ ਵਿਧਾਨ ਸਭਾ ’ਚ ਕਿਹਾ ਸੀ, ‘ਕੈਪਟਨ ਨੇ ਸੜਕਾਂ ਦਾ ਪੈਚਵਰਕ ਕਰਵਾਇਆ।’ ਚੰਨੀ ਦੇ ਇਸ ਬਿਆਨ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ ਸੀ।
  • ਜੋਤਿਸ਼ ’ਚ ਵਿਸ਼ਵਾਸ ਕਰਨ ਵਾਲੇ ਚੰਨੀ ਨੇ ਸੈਕਟਰ ਦੋ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਗ੍ਰੀਨ ਬੈਲਟ ਨੂੰ ਖ਼ਤਮ ਕਰਕੇ ਸੜਕ ਬਣਵਾ ਦਿੱਤੀ ਸੀ ਜਿਸ ਪਿੱਛੋਂ ਵਿਵਾਦ ਪੈਦਾ ਹੋ ਗਿਆ ਸੀ ਤੇ ਚੰਡੀਗੜ੍ਹ ਪ੍ਰ੍ਰਸ਼ਾਸਨ ਨੇ ਦੁਬਾਰਾ ਸੜਕ ਨੂੰ ਖ਼ਤਮ ਕਰਕੇ ਗ੍ਰੀਨ ਬੈਲਟ ਵਿਕਸਤ ਕਰ ਦਿੱਤੀ।
  • ਚਰਨਜੀਤ ਸਿੰਘ ਚੰਨੀ ਨੇ ਹਾਥੀ ’ਤੇ ਸਵਾਰੀ ਕੀਤੀ ਸੀ। ਚਰਚਾ ਉਦੋਂ ਇਹ ਵੀ ਸੀ ਕਿ ਅਜਿਹਾ ਕਰਨ ਨਾਲ ਉਹ ਮੁੱਖ ਮੰਤਰੀ ਬਣ ਸਕਦੇ ਹਨ।

-‘ਮੀ ਟੂ ਵਿਵਾਦ’ ’ਚ ਵੀ ਫਸੇ ਸਨ ਚੰਨੀ

ਚੰਨੀ ਵੱਲੋਂ ਇਕ ਸੀਨੀਅਰ ਆਈਏਐੱਸ ਅਧਿਾਕਰੀ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਗਏ ਸਨ ਜਿਸ ਪਿੱਛੋਂ ਚੰਨੀ ‘ਮੀ ਟੂ’ ’ਚ ਫਸ ਗਏ ਸਨ।

ਕੈਪਟਨ ਨੇ ਦਿੱਤੀ ਵਧਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਮੀਦ ਕਰਨਗੇ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀ ਰਾਖੀ ਕਰਨਗੇ ਕਿਉਂਕਿ ਸਰਹੱਦ ਪਾਰੋਂ ਸੁਰੱਖਿਆ ਨੂੰ ਖ਼ਤਰਾ ਬਣਿਆ ਹੋਇਆ ਹੈ।

Posted By: Seema Anand