ਸੁਰਜੀਤ ਸਿੰਘ ਕੋਹਾੜ, ਲਾਲੜੂ : ਲੰਮੇ ਸਮੇਂ ਤੋਂ ਹਲਕਾ ਡੇਰਾਬੱਸੀ 'ਚ ਕਾਂਗਰਸ ਪਾਰਟੀ ਦੇ ਅੰਦਰ ਧੁਖਦੀਆਂ ਬਗਾਵਤੀ ਸੁਰਾਂ ਅੱਜ ਉਸ ਸਮੇਂ ਭਾਂਬੜ ਬਣ ਜਨਤਕ ਹੋ ਗਈਆਂ, ਜਦੋਂ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੇ ਹਲਕੇ 'ਚ ਕਾਂਗਰਸ ਦੀ ਅਗਵਾਈ ਕਰ ਰਹੇ ਦੀਪਇੰਦਰ ਸਿੰਘ ਿਢੱਲੋਂ ਨੂੰ ਸਿੱਧਾ ਚੈਲੰਜ ਕਰਦਿਆਂ ਇਸ ਵਾਰ ਉਨ੍ਹਾਂ ਦੀ ਟਿਕਟ ਬਦਲ ਕੇ ਸਥਾਨਕ ਕਾਂਗਰਸੀ ਆਗੂ ਭੁਪਿੰਦਰ ਸਿੰਘ ਭਿੰਦਾ ਰਾਣੀ ਮਾਜਰਾ ਨੂੰ ਦੇਣ ਦੀ ਪੁਰਜ਼ੋਰ ਮੰਗ ਕੀਤੀ ਤੇ ਸਪੱਸ਼ਟ ਐਲਾਨ ਕੀਤਾ ਕਿ ਜੇ ਹਾਈਕਮਾਂਡ ਇਸ ਵਾਰ ਵੀ ਦੀਪਇੰਦਰ ਸਿੰਘ ਿਢੱਲੋਂ ਜਾਂ ਉਸ ਦੇ ਸਪੁੱਤਰ ਨੂੰ ਟਿਕਟ ਦਿੰਦੀ ਹੈ ਤਾਂ ਟਕਸਾਲੀ ਕਾਂਗਰਸੀ ਉਸ ਦਾ ਡੱਟ ਕੇ ਵਿਰੋਧ ਕਰਨਗੇ। ਅੱਜ ਦੱਪਰ ਵਿਖੇ ਸੰਯੁਕਤ ਕਾਂਗਰਸ ਮੋਰਚੇ ਦੇ ਬੈਨਰ ਹੇਠ ਟਕਸਾਲੀ ਕਾਂਗਰਸੀਆਂ ਵੱਲੋਂ ਕੀਤੇ ਗਏ ਵੱਡੇ ਇਕੱਠ 'ਚ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਤੇ ਨਗਰ ਕੌਂਸਲ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ, ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਰਾਣੀਮਾਜਰਾ, ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਹਰਮੇਸ਼ ਬਟੌਲੀ, ਡੇਰਾਬੱਸੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਰਾਹੁਲ ਕੌਸ਼ਕ, ਮਾਰਕੀਟ ਕਮੇਟੀ ਡੇਰਾਬੱਸੀ ਦੇ ਚੇਅਰਮੈਨ ਤੇ ਬਲਾਕ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਛੱਤ, ਕਾਂਗਰਸ ਬਲਾਕ ਡੇਰਾਬੱਸੀ ਦੇ ਸਾਬਕਾ ਯੂਥ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਮਾਰਕੀਟ ਕਮੇਟੀ ਲਾਲੜੂ ਦੇ ਵਾਈਸ ਚੇਅਰਮੈਨ ਗੁਲਜਾਰ ਸਿੰਘ ਟਿਵਾਣਾ ਆਦਿ ਬੁਲਾਰਿਆਂ ਨੇ ਇਕ ਸੁਰ 'ਚ ਕਿਹਾ ਕਿ ਉਹ ਇਸ ਵਾਰ ਉਸ ਆਗੂ ਨੂੰ ਟਿਕਟ ਦੇਣ ਦਾ ਡਟਵਾਂ ਵਿਰੋਧ ਕਰਨਗੇ, ਜੋ ਆਗੂ ਪਿਛਲੇ ਚਾਰ ਵਾਰ ਤੋਂ ਚੋਣ ਹਾਰ ਰਿਹਾ ਹੈ ਤੇ ਹਲਕੇ 'ਚ ਕਾਂਗਰਸ ਨੂੰ ਅੰਦਰੋਂ-ਅੰਦਰੀਂ ਕਮਜ਼ੋਰ ਕਰ ਰਿਹਾ ਹੈ।

ਝੂਠੇ ਪਰਚੇ ਦਰਜ ਕਰਵਾਉਣ ਦੇ ਲਾਏ ਦੋਸ਼

ਟਕਸਾਲੀ ਕਾਂਗਰਸੀਆਂ ਨੇ ਸਟੇਜ ਤੋਂ ਗੁਰਬਿੰਦਰ ਸਿੰਘ ਬਾਲੀ ਸਾਬਕਾ ਮੁੱਖ ਸਪੋਕਸਮੈਨ ਪੰਜਾਬ ਕਾਂਗਰਸ ਤੇ ਕੇਂਦਰੀ ਆਬਜ਼ਰਵਰ ਪਰਾਗ ਗਾਬਾ ਦੀ ਹਾਜ਼ਰੀ 'ਚ ਦੀਪਇੰਦਰ ਸਿੰਘ ਿਢੱਲੋਂ ਨੂੰ ਪੂਰੇ ਸਿਆਸੀ ਰਗੜੇ ਲਾਉਂਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੁਰਾਣੇ ਕਾਂਗਰਸੀਆਂ ਨੂੰ ਅਣਗੌਲਣ ਕਾਰਨ ਹਲਕੇ 'ਚ ਕਾਂਗਰਸ ਬੁਰੀ ਤਰਾਂ੍ਹ ਮਾਰ ਖਾ ਰਹੀ ਹੈ। ਵੱਖ-ਵੱਖ ਬੁਲਾਰਿਆਂ ਨੇ ਦੀਪਇੰਦਰ ਸਿੰਘ ਿਢੱਲੋਂ 'ਤੇ ਕਾਂਗਰਸੀਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਵਾਉਣ, ਪੁਲਿਸ ਤੋਂ ਟਕਸਾਲੀ ਕਾਂਗਰਸੀਆਂ 'ਤੇ ਤਸੱਦਦ ਢੁਆਉਣ, ਪਾਰਟੀ 'ਚ ਗੁੱਟਬਾਜ਼ੀ ਪੈਦਾ ਕਰਨ, ਵਿਕਾਸ ਦੀ ਥਾਂ 'ਤੇ ਹਲਕੇ ਦਾ ਵਿਨਾਸ਼ ਕਰਨ, ਨਾਜਾਇਜ਼ ਸ਼ਰਾਬ ਤੇ ਨਾਜਾਇਜ਼ ਮਾਈਨਿੰਗ ਬੜਾਵਾ ਦੇਣ, ਭਿ੍ਸ਼ਟਾਚਾਰ, ਵੇਰਕਾ ਪਲਾਂਟ ਦੀ ਚੋਣ 'ਚ ਕਾਂਰਸੀ ਉਮੀਦਵਾਰ ਨੂੰ ਹਰਾਉਣ ਤੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਨੀਵਾਂ ਦਿਖਾਉਣ ਵਰਗੇ ਗੰਭੀਰ ਦੋਸ਼ ਲਾਏ। ਬੁਲਾਰਿਆਂ ਨੇ ਕਿਹਾ ਕਿ ਇਹ ਹਲਕਾ ਕਾਂਗਰਸੀ ਹਲਕਾ ਸੀ, ਪਰ ਦੀਪਇੰਦਰ ਸਿੰਘ ਿਢੱਲੋਂ ਦੇ ਆਉਣ ਨਾਲ ਹੀ ਹਲਕੇ 'ਚ ਕਾਂਗਰਸ ਦਾ ਪਤਨ ਸ਼ੁਰੂ ਹੋਇਆਂ ਹੈ। ਬੁਲਾਰਿਆਂ ਨੇ ਪਾਰਟੀ ਹਾਈਕਮਾਂਡ ਨੂੰ ਚੇਤਾਵਨੀ ਦਿੱਤੀ ਕਿ ਜੇ ਹਾਈਕਮਾਂਡ ਮੁੜ ਤੋਂ ਿਢੱਲੋਂ ਨੂੰ ਟਿਕਟ ਦੇਣ ਦੀ ਗ਼ਲਤੀ ਕਰਦੀ ਹੈ ਤਾਂ ਇਸ ਵਾਰ ਿਢੱਲੋਂ 40 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਹਾਰਨਗੇ। ਬੁਲਾਰਿਆਂ ਨੇ ਿਢੱਲੋਂ ਉੱਤੇ ਇਹ ਦੋਸ਼ ਲਾਇਆ ਕਿ ਅੱਜ ਇਸ ਇਕੱਠ 'ਚ ਲੋਕਾਂ ਨੂੰ ਆਉਣ ਤੋਂ ਰੋਕਿਆ ਗਿਆ ਹੈ ਪਰ ਉਸ ਦੇ ਬਾਵਜੂਦ ਵੀ ਹਜ਼ਾਰਾਂ ਦਾ ਇਕੱਠ ਇਹ ਸਾਬਿਤ ਕਰਦਾ ਹੈ ਕਿ ਹਲਕੇ ਦੇ ਲੋਕ ਹੁਣ ਦੀਪਇੰਦਰ ਸਿੰਘ ਿਢੱਲੋਂ ਖ਼ਿਲਾਫ਼ ਹਨ।

ਲੋਕਾਂ ਦਾ ਕੀਤਾ ਧੰਨਵਾਦ

ਇਸ ਮੌਕੇ ਭੁਪਿੰਦਰ ਭਿੰਦਾ ਰਾਣੀ ਮਾਜਰਾ ਨੇ ਟਕਸਾਲੀ ਕਾਂਗਰਸੀਆਂ ਸਮੇਤ ਹਲਕੇ ਤੋਂ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ੍ਹ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ। ਇਕੱਠ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸ ਦੇ ਸਾਬਕਾ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਅੱਜ ਦੇ ਸਮਾਗਮ ਦੀ ਭਾਵਨਾਵਾਂ ਨੂੰ ਉਹ ਹਾਈਕਮਾਂਡ ਤਕ ਪਹੁੰਚਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰਾਜੂ ਡੇਰਾਬੱਸੀ, ਅਜੈਬ ਸਿੰਘ ਦੱਪਰ, ਗੁਰਜੰਟ ਸਿੰਘ ਦੱਪਰ, ਸ. ਥਾਪਰ, ਸਾਬਕਾ ਸਰਪੰਚ ਗੁਰਮੀਤ ਸਿੰਘ ਦੱਪਰ ਆਦਿ ਵੀ ਹਾਜ਼ਰ ਸਨ।