ਚੰਡੀਗੜ੍ਹ: ਅਤਿ ਆਧੁਨਿਕ ਚਿਨੂਕ ਹੈਲੀਕਾਪਟਰ ਅੱਜ ਰਸਮੀ ਤੌਰ 'ਤੇ ਭਾਰਤੀ ਹਵਾਈ ਫ਼ੌਜ ਨੂੰ ਮਿਲ ਗਿਆ ਹੈ। ਇਸ ਨੂੰ ਪਾਕਿਸਤਾਨੀ ਸਰਹੱਦ 'ਤੇ ਹਵਾਈ ਫ਼ੌਜ ਵੱਲੋਂ ਜ਼ਿਆਦਾ ਤਾਕਤਵਰ ਬਣਾ ਕੇ ਇਸਤੇਮਾਲ ਕੀਤਾ ਜਾਵੇਗਾ। ਮਿਲਟਰੀ ਮਿਸ਼ਨ ਹੈਲੀਕਾਪਟਰ ਨੂੰ ਬੋਇੰਗ ਕੰਪਨੀ ਨੇ ਬਣਾਇਆ ਹੈ।

ਚੰਡੀਗੜ੍ਹ 'ਚ ਚਿਨੂਕ ਹੈਲੀਕਾਪਟਰ ਦੇ ਇੰਡਕਸ਼ਨ ਸਮਾਗਮ ਦੌਰਾਨ ਏਅਰਚੀਫ਼ ਮਾਰਸ਼ਲ ਬੀਐੱਨ ਧਨੋਆ ਨੇ ਕਿਹਾ ਕਿ ਦੇਸ਼ ਸਾਹਮਣੇ ਕਈ ਸੁਰੱਖਿਆ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੱਖ-ਵੱਖ ਖੇਤਰਾਂ 'ਚ ਵਰਟੀਕਲ ਲਿਫਟ (ਵਰਟੀਕਲ ਉੱਪਰ ਚੁੱਕਣ) ਦੀ ਸਮਰੱਥਾ ਦੀ ਜ਼ਰੂਰਤ ਸੀ। ਚਿਨੂਕ ਨੂੰ ਭਾਰਤ ਨੇ ਖ਼ਾਸ ਜ਼ਰੂਰਤਾਂ ਲਈ ਖ਼ਰੀਦਿਆ ਹੈ। ਇਹ ਇਕ ਰਾਸ਼ਟਰੀ ਜਾਇਦਾਦ ਹੈ।

ਇਸ ਦੌਰਾਨ ਧਨੋਆ ਨੇ ਕਿਹਾ ਕਿ ਚਿਨੂਕ ਹੈਲੀਕਾਪਟਰ ਸਾਡੀਆਂ ਫ਼ੌਜੀ ਮੁਹਿੰਮਾਂ ਨੂੰ ਨਾ ਸਿਰਫ਼ ਦਿਨ ਵੇਲੇ ਬਲਕਿ ਰਾਤ ਨੂੰ ਵੀ ਅੰਜਾਮ ਦੇ ਸਕਦਾ ਹੈ। ਇਸ ਦੀ ਦੂਸਰੀ ਯੂਨਿਟ ਅਸਾਮ 'ਚ ਦਿਨਜਾਨ 'ਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜ਼ਾਂ ਦੇ ਬੇੜੇ 'ਚ ਰਾਫੇਲ ਦੀ ਤਰ੍ਹਾਂ ਹੀ ਚਿਨੂਕ ਵੀ ਗੇਮ ਚੇਂਜਰ ਸਾਬਿਤ ਹੋਣ ਜਾ ਰਿਹਾ ਹੈ।


ਕਰੀਬ 11 ਹਜ਼ਾਰ ਕਿੱਲੋ ਤਕ ਦੇ ਹਥਿਆਰਾਂ ਅਤੇ ਜਵਾਨਾਂ ਨੂੰ ਆਸਾਨੀ ਨਾਲ ਚੁੱਕਣ ਵਾਲਾ, ਉਚਾਈ ਵਾਲੇ ਇਲਾਕਿਆਂ 'ਚ ਉਡਾਨ ਭਰਨ ਅਤੇ ਰਾਸ਼ਣ ਪਹੁੰਚਾਉਣ ਦੇ ਨਾਲ ਹੀ ਇਹ ਹੈਲੀਕਾਪਟਰ ਛੋਟੇ ਹੈਲੀਪੈਡ ਅਤੇ ਘਾਟੀ 'ਚ ਵੀ ਲੈਂਡ ਕਰ ਸਕਦਾ ਹੈ।

ਇਸ ਹੈਲੀਕਾਪਟਰ ਦਾ ਇਸਤੇਮਾਲ ਦੁਨੀਆ ਦੇ 19 ਦੇਸ਼ ਕਰ ਰਹੇ ਹਨ। ਚਿਨੂਕ ਹੈਲੀਕਾਪਟਰ ਨੂੰ ਅਮਰੀਕੀ ਹਵਾਈ ਫ਼ੌਜ 1962 ਤੋਂ ਹੀ ਇਸਤੇਮਾਲ ਕਰ ਰਹੀ ਹੈ। ਕੰਪਨੀ ਨੇ ਹੁਣ ਤਕ ਕੁੱਲ 1,179 ਚਿਨੂਕ ਹੈਲੀਕਾਪਟਰ ਬਣਾਏ ਹਨ।

ਅਗਸਤ 2017 'ਚ ਰੱਖਿਆ ਵਿਭਾਗ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਭਾਰਤੀ ਹਵਾਈ ਫ਼ੌਜ ਲਈ ਅਮਰੀਕੀ ਕੰਪਨੀ ਬੋਇੰਗ ਤੋਂ 4,168 ਕੋਰੋੜ ਰੁਪਏ ਦੀ ਲਾਗਤ ਨਾਲ 6 ਅਪਾਚੇ ਲੜਾਕੂ ਹੈਲੀਕਾਪਟਰ, 15 ਚਿਨੂਕ ਭਾਰੀ ਮਾਲਵਾਹਕ ਹੈਲੀਕਾਪਟਰ ਤੇ ਹੋਰ ਹਥਿਆਰ ਪ੍ਰਣਾਲੀ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਸੀ।


ਜਿਨ੍ਹਾਂ 'ਚੋਂ ਫਿਲਹਾਲ ਚਾਰ ਚਿਨੂਕ ਮਿਲਣ ਜਾ ਰਹੇ ਹਨ। ਅਮਰੀਕੀ ਫ਼ੌਜ ਵੀ ਇਸ ਹੈਲੀਕਾਪਟਰ ਦਾ ਇਸਤੇਮਾਲ ਕਰਦੀ ਹੈ। ਇਸ 'ਚ ਪੂਰੀ ਤਰ੍ਹਾਂ ਨਾਲ ਇੰਟੀਗ੍ਰਨੇਡ, ਡਿਜੀਟਲ ਕਾਕਪਿਟ ਮੈਨੇਜਮੈਂਟ ਸਿਸਟਮ, ਕਾਮਨ ਏਵੀਏਸ਼ਨ ਆਰਕੀਟੈਕਚਰ ਕਾਕਪਿਟ ਅਤੇ ਐਡਵਾਂਸ ਕਾਰਗੋ-ਹੈਂਡਲਿੰਗ ਸਮਰਥਾਵਾਂ ਹਨ। ਇਸ ਕਾਰਨ ਮਿਸ਼ਨ ਦੌਰਾਨ ਇਸ ਹੈਲੀਕਾਪਟਰ ਦਾ ਪ੍ਰਦਰਸ਼ਨ ਅਤੇ ਇਸ ਦੀ ਹੈਡਲਿੰਗ ਬਿਹਤਰ ਹੋ ਜਾਂਦੀ ਹੈ।

Posted By: Akash Deep