ਮਹਿਰਾ, ਖਰੜ : ਛੇਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਕਾਰਨ 13 ਸਾਲਾਂ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਮਿ੍ਤਕ ਦੇ ਪਿਤਾ ਗੀਰਜਾ ਸ਼ੰਕਰ ਦੂਬੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਿਤ ਦੂਬੇ, ਜੋ ਕਿ ਹੈਂਡਰਸਨ ਜੁਬਲੀ ਸਕੂਲ ਵਿਖ਼ੇ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਬੀਤੀ 2 ਅਗਸਤ ਨੂੰ ਲਗਪਗ 8 ਵਜੇ ਆਪਣੇ ਵੱਡੇ ਭਰਾ ਨਾਲ ਮਰੀਨਾ ਹਾਈਟਸ ਸਥਿਤ ਫਲੈਟ ਦੀ ਬਾਲਕਾਨੀ 'ਚ ਖੜ੍ਹਾ ਮੀਂਹ ਪੈਂਦਾ ਦੇਖ ਰਿਹਾ ਸੀ ਜਦੋਂ ਹੀ ਵੱਡਾ ਪੁੱਤਰ ਫਲੈਟ ਅੰਦਰ ਆਇਆ ਤਾਂ ਉਸ ਤੋਂ ਬਾਅਦ ਅਚਾਨਕ ਰੌਲੇ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਬਾਹਰ ਦੇਖਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਅਮਿਤ ਖ਼ੂਨ ਨਾਲ ਲੱਥਪੱਥ ਛੱਤ ਤੋਂ ਥੱਲੇ ਡਿੱਗਾ ਪਿਆ ਸੀ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਆਂਦਾ ਗਿਆ। ਜਿਥੇ ਇਲਾਜ ਦੌਰਾਨ ਕੱਲ੍ਹ ਉਸ ਦੀ ਮੌਤ ਹੋ ਗਈ ਹੈ। ਮਿ੍ਤਕ ਦਾ ਪਿਤਾ ਕਿਸੇ ਵਿਅਕਤੀ ਕੋਲ ਡਰਾਇਵਰ ਦੀ ਨੌਕਰੀ ਕਰਦਾ ਹੈ ਅਤੇ ਉਸੇ ਵਿਅਕਤੀ ਨੇ ਉਕਤ ਫਲੈਟ ਉਸ ਨੂੰ ਰਹਿਣ ਲਈ ਦਿੱਤਾ ਹੋਇਆ ਸੀ। ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।