ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਕਾਂਗਰਸ ਪਾਰਟੀ ਵਿਚ ਆਏ ਸਿਆਸੀ ਭੁਚਾਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਰਾਤ ਸਾਢੇ ਅੱਠ ਵਜੇ ਤਕ ਆਪਣੇ ਕੁਝ ਸਾਥੀ ਵਜ਼ੀਰਾਂ ਨਾਲ ਲੰਬੀ ਮੀਟਿੰਗ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਜਿਸ ਕਰਕੇ ਸਿਆਸੀ ਸੰਕਟ ’ਚੋ ਬਾਹਰ ਨਿਕਲਣ ਲਈ ਚੰਨੀ ਨੇ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਮੁੜ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੀ ਜੋ ਵੀ ਨਾਰਾਜ਼ਗੀ ਹੋਵੇਗੀ ਉਹ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਮੇਰਾ ਪੁਰਾਣਾ ਦੋਸਤ ਹੈ ਤੇ ਉਸ’ਤੇ ਵਿਸ਼ਵਾਸ ਹੈ, ਮੈਂ ਸਭ ਕੁੱਝ ਠੀਕ ਕਰ ਦਿਆਂਗਾ ।

ਚੰਨੀ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ ਕਿ ਸਿੱਧੂ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ ਜਿਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ। ਅਹਿਮ ਗੱਲ ਹੈ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਆਪਣੇ ਸਾਥੀ ਮੰਤਰੀਆਂ ਨੂੰ ਖ਼ੁਦ ਕੁਰਸੀ ’ਤੇ ਬਿਠਾ ਰਹੇ ਸਨ। ਸਕੱਤ੍ਰੇਤ ’ਚ ਮੰਤਰੀਆਂ ਦੇ ਅਹੁਦੇ ਸੰਭਾਲਣ ਮੌਕੇ ਖ਼ੁਸ਼ੀਆਂ ਦਾ ਮਾਹੌਲ ਸੀ ਤੇ ਲੱਡੂ ਵੰਡੇ ਜਾ ਰਹੇ ਸਨ। ਪਰ ਨਵਜੋਤ ਸਿੱਧੂ ਨੇ ਤਿੰਨ ਵਜੇ ਅਸਤੀਫ਼ਾ ਦੇ ਕੇ ਰੰਗ ਵਿਚ ਭੰਗ ਪਾ ਦਿੱਤਾ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਸਿੱਧੂ ਦੇ ਅਸਤੀਫ਼ੇ ਨੂੰ ਮੰਦਭਾਗਾ ਦੱਸਦਿਆ ਕਿਹਾ ਕਿ ਸਿੱਧੂ ਨੇ ਲੱਡੂਆਂ ਵਿਚ ਰੇਤਾ ਮਿਲਾ ਦਿੱਤਾ ਹੈ।

ਕੈਬਨਿਟ ਮੰਤਰੀ ਪਰਗਟ ਸਿੰਘ ਮੀਟਿੰਗ ਨੂੰ ਵਿਚਾਲੇ ਛੱਡ ਕੇ ਨਵਜੋਤ ਸਿੱਧੂ ਨੂੰ ਮਨਾਉਣ ਲਈ ਪਟਿਆਲੇ ਰਵਾਨਾ ਹੋ ਗਏ। ਰਾਣਾ ਗੁਰਜੀਤ ਸਿੰਘ ਨੇ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਗਏ ਅਸਤੀਫ਼ੇ ਦੇ ਮੁੱਦੇ ’ਤੇ ਰਜ਼ੀਆ ਸੁਲਤਾਨਾ ਨੂੰ ਛੋਟੀ ਭੈਣ ਦੱਸਦੇ ਹੋਏ ਕਿਹਾ ਕਿ ਉਹ ਉਨ੍ਹਾਂ ਮਨਾਉਣ ਜਾਣਗੇ। ਉਨ੍ਹਾਂ ਕਿਹਾ ਕਿ ਸਿੱਧੂ ਵੱਡਾ ਬੰਦਾ ਉਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਜਦਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੱਲ੍ਹ ਤਕ ਸਭ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਹਾਈ ਕਮਾਨ ਸਭ ਕੁਝ ਦੇਖ ਰਹੀ ਹੈ।

Posted By: Jatinder Singh