ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਨੇਤਰਹੀਣਾਂ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਜਿਨਾਂ ਦੀ ਅੱਖਾਂ ਰੌਸ਼ਨੀ ਵਾਪਸ ਆ ਸਕਣ ਦੀ ਕੋਈ ਵੀ ਗੁੰਜਾਇਸ਼ ਹੈ, ਉਨਾਂ੍ਹ ਦਾ ਇਲਾਜ ਕਰਵਾਇਆ ਜਾਵੇਗਾ। ਅੱਜ ਇਥੇ ਇਸ ਦਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨੇਤਰਹੀਣਾਂ ਦੇ ਇਕ ਤਿੰਨ ਮੈਂਬਰੀ ਵਫ਼ਦ ਨਾਲ ਮੁਲਾਕਾਤ ਮੌਕੇ ਕੀਤਾ ਗਿਆ। ਨੇਤਰਹੀਣਾਂ ਦੇ ਇਸ ਵਫ਼ਦ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ 'ਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਵਫ਼ਦ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਬਹੁਤ ਸਾਰੇ ਅਜਿਹੇ ਨੇਤਰਹੀਣ ਹਨ ਕਿ ਜੇਕਰ ਉਨ੍ਹਾਂ ਨੂੰ ਬਿਹਤਰ ਇਲਾਜ ਮਿਲੇ ਤਾਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਸਕਦੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਰਵੇ ਤੋਂ ਬਾਅਦ ਚੰਗੀ ਸਿਹਤ ਸੰਸਥਾ ਤੋਂ ਇਲਾਜ ਯਕੀਨੀ ਬਣਾਇਆ ਜਾਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨੇਤਰਹੀਣਾਂ ਦੀ ਇਕ ਹੋਰ ਮੰਗ ਬਾਰੇ ਕਿਹਾ ਕਿ ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਨੇਤਰਹੀਣਾਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਮੁੱਖ ਮੰਤਰੀ ਨੇ ਨੇਤਰਹੀਣਾਂ ਦੇ ਵਫ਼ਦ ਵੱਲੋਂ ਹੋਰ ਮੰਗਾਂ ਸੰਬੰਧੀ ਦਿਤੇ ਮੰਗ ਪੱਤਰ ਬਾਰੇ ਵੀ ਭਰੋਸਾ ਦਿਵਾਇਆ ਕਿ ਸਾਰੀਆਂ ਮੰਗਾਂ 'ਤੇ ਵਿਚਾਰ ਕਰ ਕੇ ਉਨ੍ਹਾਂ ਦਾ ਸਾਕਾਰਾਤਮਕ ਹੱਲ ਕੱਢੇ ਜਾਣਗੇ। ਇਸ ਤੋਂ ਇਲਾਵਾ ਨੇਤਰਹੀਣਾਂ ਦੇ ਵਫ਼ਦ ਨੇ ਮੁੱਖ ਮੰਤਰੀ ਅੱਗੇ ਬੈਕਲਾਗ ਤੇ ਪ੍ਰਮੋਸ਼ਨ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ, ਜਮਾਲਪੁਰ (ਲੁਧਿਆਣਾ) ਵਿਖੇ ਨੇਤਰਹੀਣਾਂ ਦੇ ਸਰਕਾਰੀ ਸਕੂਲ 'ਚ ਅਧਿਆਪਕਾਂ ਦੀਆਂ ਅਸਾਮੀਆਂ ਭਰੇ ਜਾਣ ਸਮੇਤ ਹੋਰ ਮੰਗਾਂ ਵੀ ਉਠਾਈਆਂ, ਜਿਸ ਸਬੰਧੀ ਸ. ਚੰਨੀ ਨੇ ਇਹਨਾਂ ਮੰਗਾਂ ਉੱਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।