ਜੇਐੱਨਐੱਨ, ਮੋਹਾਲੀ : ਬੇਅਦਬੀ ਮਾਮਲੇ 'ਚ ਸੀਬੀਆਈ ਵੱਲੋਂ ਸੁਪਰੀਮ ਕੋਰਟ 'ਚ ਦਾਇਰ ਐੱਸਐੱਲਪੀ ਖਾਰਜ ਹੋਣ ਤੋਂ ਬਾਅਦ ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐੱਸ ਸੇਖੋਂ ਦੀ ਅਦਾਲਤ 'ਚ ਹੋਈ। ਅਦਾਲਤ 'ਚ ਸਿੱਟ ਦੇ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਕੇਸ ਨਾਲ ਸਬੰਧਤ ਫਾਈਲ ਲੈਣ ਲਈ ਪਹੁੰਚੇ, ਜਿਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ, ਕਿਉਂਕਿ ਸੀਬੀਆਈ ਇਸ ਗੱਲ 'ਤੇ ਅੜੀ ਰਹੀ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਉਨ੍ਹਾਂ ਵੱਲੋਂ ਦੋਬਾਰਾ ਰੀਵਿਊ ਕੀਤਾ ਜਾਣਾ ਹੈ, ਜਿਸ ਸਬੰਧੀ ਉਨ੍ਹਾਂ ਨੂੰ 15 ਦਿਨਾਂ ਦਾ ਹੋਰ ਸਮਾਂ ਦਿੱਤਾ ਜਾਵੇ।

ਉਧਰ, ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਸੀਬੀਆਈ ਵੱਲੋਂ ਮੰਗੇ ਗਏ 15 ਦਿਨਾਂ ਦੇ ਸਮੇਂ 'ਤੇ ਇਤਰਾਜ਼ ਜਤਾਇਆ।

ਅਦਾਲਤ ਵੱਲੋਂ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੀਬੀਆਈ ਨੂੰ ਬਹੁਤਾ ਸਮਾਂ ਨਾ ਦਿੰਦੇ ਹੋਏ ਸਾਰਿਆਂ ਨੂੰ ਆਪਣਾ ਜਵਾਬ 6 ਮਾਰਚ ਤਕ ਦਾਖਲ ਕਰਨ ਲਈ ਕਿਹਾ ਹੈ।

Posted By: Amita Verma