ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਦੇ ਵਫ਼ਦ ਵੱਲੋਂ ਵਿਧਾਨ ਸਭਾ ਦੇ ਸਪੀਕਰ ਤੋਂ ਸਦਨ ਦੀਆਂ ਬੈਠਕਾਂ ਵਧਾਉਣ ਦੀ ਮੰਗ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਦਸ ਸਾਲ ਸੱਤਾ ਵਿਚ ਰਹਿਣ ਵਾਲੇ ਅਕਾਲੀਆਂ ਨੇ ਕਦੇ ਵੀ ਵਿਰੋਧੀ ਧਿਰ ਦੀ ਸਦਨ ਵਧਾਉਣ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਸੀ ਤੇ ਅੱਜ ਕਿਸ ਮੂੰਹ ਨਾਲ ਸਦਨ ਦੀਆਂ ਬੈਠਕਾਂ ਵਧਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ, 'ਦੂਸਰਿਆਂ ਲਈ ਟੋਇਆ ਪੁੱਟਣ ਵਾਲੇ ਖੁਦ ਡਿੱਗ ਜਾਂਦੇ ਹਨ', ਤੇ ਇਹ ਕਹਾਵਤ ਅਕਾਲੀਆਂ 'ਤੇ ਖਰੀ ਉੱਤਰਦੀ ਹੈ।

ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਸਦਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਲਈ ਸਭ ਤੋਂ ਪਵਿੱਤਰ ਸਦਨ ਹੈ, ਜਿੱਥੇ ਸਰਕਾਰ ਤੇ ਵਿਰੋਧੀ ਧਿਰ ਵਲੋਂ ਰਲ ਕੇ ਮਸਲਿਆਂ 'ਤੇ ਵਿਚਾਰ ਕੀਤਾ ਜਾਂਦਾ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਹੁਕਮਰਾਨ ਸਦਨ ਦੀਆਂ ਬੈਠਕਾਂ ਲਗਾਤਾਰ ਘਟਾਉਂਦੇ ਆ ਰਹੇ ਹਨ।

ਚੀਮਾ ਨੇ ਕਿਹਾ ਕਿ ਦਿਨ ਬਦਲਦੇ ਰਹਿੰਦੇ ਹਨ, ਸੱਤਾ ਆਉਂਦੀ-ਜਾਂਦੀ ਰਹਿੰਦੀ ਪਰ ਕਾਂਗਰਸੀ ਵਿਧਾਇਕਾਂ ਨੂੰ ਉਹ ਦਿਨ ਯਾਦ ਰੱਖਣੇ ਚਾਹੀਦੇ ਹਨ ਜਦੋਂ ਉਨ੍ਹਾਂ ਨੇ ਸਦਨ ਦੀਆਂ ਬੈਠਕਾਂ ਵਧਾਉਣ ਲਈ ਰਾਤਾਂ ਵਿਧਾਨ ਸਭਾ ਵਿਚ ਗੁਜ਼ਾਰੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਸਮਝਦੇ ਹਨ, ਇਸ ਲਈ ਲੋਕਾਂ ਨੂੰ ਜ਼ਿਆਦਾ ਦੇਰ ਤਕ ਮੂਰਖ ਨਹੀਂ ਬਣਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕਾਂ ਨੂੰ ਜ਼ਮੀਰ ਦੀ ਆਵਾਜ਼ ਸੁਣਦਿਆਂ ਮੁੱਖ ਮੰਤਰੀ ਤੇ ਸਪੀਕਰ ਨੂੰ ਸਦਨ ਦੀਆਂ ਬੈਠਕਾਂ ਵਧਾਉਣ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਵਿਧਾਇਕ ਆਪਣੇ-ਆਪਣੇ ਹਲਕੇ ਅਤੇ ਲੋਕਾਂ ਦੀ ਜ਼ਰੂਰੀ ਸਮੱਸਿਆਵਾਂ ਦੇ ਹੱਲ ਲਈ ਸਦਨ ਵਿਚ ਵਿਚਾਰ ਚਰਚਾ ਕਰ ਸਕਣ। ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਮੁੱਦਿਆਂ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਸੈਸ਼ਨ ਦੌਰਾਨ ਸਰਕਾਰ ਤੋਂ ਜਵਾਬ ਮੰਗੇਗੀ।

ਉਨ੍ਹਾਂ ਕਿਹਾ ਕਿ 'ਆਪ' ਦੇ ਵਿਧਾਇਕ ਕਿਸਾਨੀ ਅਤੇ ਖੇਤ ਮਜ਼ਦੂਰ, ਪੰਜਾਬੀ ਭਾਸ਼ਾ, ਟਰਾਂਸਪੋਰਟ ਮਾਫ਼ੀਆ, ਵਪਾਰ, ਸਿੱਖਿਆ, ਔਰਤ ਸਸ਼ਕਤੀਕਰਨ, ਦਲਿਤ, ਨਰੇਗਾ, ਸਿਹਤ, ਟਰੈਵਲ ਏਜੰਟਾਂ, ਨਸ਼ਾ, ਕਾਨੂੰਨ ਅਤੇ ਨਿਆਂ ਸਥਿਤੀ, ਨੌਜਵਾਨ ਰੁਜ਼ਗਾਰ ਸਮੇਤ ਐੱਸਐੱਸਐੱਸ ਬੋਰਡ ਟੈੱਸਟ ਪਾਸ ਉਮੀਦਵਾਰਾਂ, ਬੁਢਾਪਾ, ਅਪੰਗ ਅਤੇ ਨਿਰਭਰਤਾ ਭੱਤਾ 2500 ਕਰਨ ਅਤੇ ਸ਼ਗਨ ਸਕੀਮ ਤਹਿਤ 51000 ਦੇਣ ਸਮੇਤ ਸੂਬੇ ਵਿਚ ਬਿਜਲੀ ਦੇ ਵੱਧ ਰੇਟ ਦੇ ਮੁੱਦੇ ਚੁੱਕਣਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ 'ਆਪ' ਵਿਧਾਇਕਾਂ ਦੀ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ ਅਤੇ ਰਣਨੀਤੀ ਤਿਆਰ ਕੀਤੀ ਗਈ।