ਜੇਐੱਨਐੱਨ, ਚੰਡੀਗੜ੍ਹ

ਹੁਣ ਜਦੋਂ ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਲਾਗ ਪੀੜਤ ਸੂਬੇ ਮਹਾਰਾਸ਼ਟਰ ਤੇ ਹੋਰਨੀਂ ਥਾਈਂ ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਅੰਕੜੇ ਵਧੇ ਹਨ ਤਾਂ ਨਵੇਂ ਕੇਸ ਆਉਣ ਦੀ ਗਿਣਤੀ ਘਟੀ ਹੈ। ਜਦਕਿ ਚੰਡੀਗੜ੍ਹ ਵਿਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। 15 ਦਿਨ ਪਹਿਲਾਂ ਤਕ ਜਿਹੜੇ ਚੰਡੀਗੜ੍ਹ ਵਿਚ ਰਿਕਵਰੀ ਰੇਟ ਕੌਮੀ ਅੌਸਤ ਤੋਂ ਵੱਧ ਕੇ 82 ਫ਼ੀਸਦ ਤਕ ਸੀ, ਹੁਣ ਉਸ ਵਿਚ 10 ਫ਼ੀਸਦ ਤੋਂ ਵੱਧ ਦੀ ਗਿਰਾਵਟ ਆ ਗਈ ਹੈ। ਚੰਡੀਗੜ੍ਹ ਵਿਚ ਨਵੇਂ ਕੇਸ ਆਉਣ ਦੀ ਵਾਧਾ ਦਰ 4.6 ਫ਼ੀਸਦ ਤਕ ਹੋ ਗਈ ਹੈ, ਜੋ ਕਿ ਮੁਲਕ ਵਿਚ ਪੰਜਾਬ ਮਗਰੋਂ ਸਭ ਤੋਂ ਵੱਧ ਹੈ। ਪੰਜਾਬ ਦੀ ਗ੍ਰੋਥ ਰੇਟ 4.9 ਫ਼ੀਸਦ ਹੈ। ਚੰਡੀਗੜ੍ਹ ਵਿਚ ਨਵੇਂ ਕੇਸ ਵਧਣ ਦੀ ਵਜ੍ਹਾ ਐਂਟੀਜਨ ਟੈਸਟਿੰਗ ਦੱਸੀ ਜਾ ਰਹੀ ਹੈ। ਹਫ਼ਤੇ ਤੋਂ ਚੰਡੀਗੜ੍ਹ ਵਿਚ ਵੱਡੇ ਪੱਧਰ 'ਤੇ ਐਂਟੀਜਨ ਟੈਸਟਿੰਗ ਹੋ ਰਹੀ ਹੈ। ਇਸ ਵਿਚ ਪਿਛਲੇ ਅੱਠਾਂ ਦਿਨਾਂ ਵਿਚ ਹੀ 510 ਪਾਜ਼ੇਟਿਵ ਕੇਸ ਆ ਚੁੱਕੇ ਹਨ। ਐਂਟੀਜਨ ਟੈਸਟਿੰਗ ਨੇ ਪ੍ਰਸ਼ਾਸਨ ਦੇ ਅਫਸਰਾਂ ਦੀ ਿਫ਼ਕਰਮੰਦੀ ਵਧਾ ਦਿੱਤੀ ਹੈ। ਇਸੇ ਟੈਸਟਿੰਗ ਮਗਰੋਂ ਪੰਜਾਬ ਰਾਜ ਭਵਨ ਵਿਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਚੰਡੀਗੜ੍ਹ ਨੂੰ ਪਹਿਲੇ ਗੇੜ ਵਿਚ 5500 ਐਂਟੀਜਨ ਟੈਸਟਿੰਗ ਕਿੱਟ ਮਿਲੀ ਹੈ। ਜਿਸ ਦੀ ਵਰਤੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਇਸ ਦੀ ਵਰਤੋਂ ਫਰੰਟ ਲਾਈਨ ਵਾਰੀਅਰਜ਼ 'ਤੇ ਹੋ ਰਹੀ ਹੈ। ਇਸ ਵਿਚ ਡਾਕਟਰ, ਮੈਡੀਕਲ ਸਟਾਫ, ਪੁਲਿਸ ਮੁਲਾਜ਼ਮ, ਨਿਗਮ ਦੇ ਅਫਸਰ ਤੇ ਵੈਂਡਰਜ਼ ਸ਼ਾਮਲ ਹਨ।

ਮੰਗਲਵਾਰ ਨੂੰ ਵੀ ਐਂਟੀਜਨ ਟੈਸਟਿੰਗ ਨਾਲ 28 ਕੋਰੋਨਾ ਕੇਸ ਸਾਹਮਣੇ ਆਏ ਹਨ। ਚੰਡੀਗੜ੍ਹ ਦੇ ਤਿੰਨਾਂ ਮੁੱਖ ਹਸਪਤਾਲਾਂ ਦੇ ਡਾਕਟਰ ਤੇ ਮੈਡੀਕਲ ਮੁਲਾਜ਼ਮ ਕੋਰੋਨਾ ਪੀੜਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਪਾਜ਼ੇਟਿਵ ਹੋ ਚੁੱਕੇ ਹਨ। ਵਾਇਰਸ ਦੀ ਰਫ਼ਤਾਰ ਕਾਰਨ ਯੂੁਟੀ ਪ੍ਰਸ਼ਾਸਨ ਦੇ ਅਫਸਰਾਂ ਦੀ ਨੀਂਦ ਉੱਡ ਚੱੁਕੀ ਹੈ।

ਦੋ ਨਵੇਂ ਕੰਟੇਨਮੈਂਟ ਜ਼ੋਨ ਬਣਾਏ

ਨਵੇਂ ਮਾਮਲੇ ਆਉਣ ਅਤੇ ਕੋਰੋਨਾ ਦੀ ਲਾਗ ਰੋਕਣ ਲਈ ਹੁਣ ਛੋਟੇ ਛੋਟੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਜਾ ਰਹੇ ਹਨ। ਮੰਗਲਵਾਰ ਨੂੰ ਪ੍ਰਸ਼ਾਸਨ ਨੇ ਸੈਕਟਰ 40 ਦੇ 2778-2801 ਨੰਬਰ ਤਕ 24 ਘਰਾਂ ਨੂੰ ਸੀਲ ਕਰ ਕੇ ਕੰਟੇਨਮੈਂਟ ਜ਼ੋਨ ਬਣਾਇਆ ਹੈ। ਇਵੇਂ ਹੀ ਸੈਕਟਰ-46 ਵਿਚ ਵੀ 23 ਫਲੈਟਾਂ ਨੂੰ ਸੀਲ ਕੀਤਾ ਗਿਆ ਹੈ। ਗੈਰਜ ਦੇ ਨਾਲ ਮਕਾਨ ਨੰਬਰ 1185 ਤੋਂ 1190 ਨੂੰ ਸੀਲ ਕਰ ਕੇ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।